ਤਾਜਾ ਖਬਰਾਂ
ਫਿਲੌਰ ਪੁਲਿਸ ਸਟੇਸ਼ਨ ਦੇ ਸਾਬਕਾ ਐਸਐਚਓ ਸਬ-ਇੰਸਪੈਕਟਰ ਭੂਸ਼ਣ ਕੁਮਾਰ ਖ਼ਿਲਾਫ਼ ਗੰਭੀਰ ਦੋਸ਼ਾਂ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਮਹਿਲਾ ਕਮਿਸ਼ਨ ਵੱਲੋਂ ਐਸਐਸਪੀ ਜਲੰਧਰ ਨੂੰ ਇਸ ਮਾਮਲੇ ਸਬੰਧੀ ਨੋਟਿਸ ਜਾਰੀ ਕੀਤਾ ਗਿਆ।
ਜਾਣਕਾਰੀ ਮੁਤਾਬਕ, ਭੂਸ਼ਣ ਕੁਮਾਰ ਨੇ ਆਪਣੇ ਸਰਕਾਰੀ ਨੰਬਰ (95179-87501) ਤੋਂ ਇੱਕ ਔਰਤ ਨੂੰ ਕਾਲ ਕਰਕੇ ਉਸਨੂੰ ਇਕੱਲੇ ਆ ਕੇ ਮਿਲਣ ਲਈ ਕਿਹਾ ਅਤੇ ਗੱਲਬਾਤ ਦੌਰਾਨ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ। ਇਹ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਬਾਅਦ ਵਿੱਚ ਪਤਾ ਲੱਗਾ ਕਿ ਉਹ ਔਰਤ ਇੱਕ ਬਲਾਤਕਾਰ ਪੀੜਤਾ ਦੀ ਮਾਂ ਹੈ ਜੋ ਥਾਣਾ ਫਿਲੌਰ ਅਧੀਨ ਪਿੰਡ ਦੀ ਰਹਿਣ ਵਾਲੀ ਹੈ।
ਇਸ ਦੇ ਨਾਲ ਹੀ ਇੱਕ ਹੋਰ ਵੀਡੀਓ ਵੀ ਸਾਹਮਣੇ ਆਈ, ਜਿਸ ਵਿੱਚ ਭੂਸ਼ਣ ਕੁਮਾਰ ਵੀਡੀਓ ਕਾਲ ਰਾਹੀਂ ਇੱਕ ਹੋਰ ਔਰਤ ਨਾਲ ਅਸ਼ਲੀਲ ਗੱਲਾਂ ਕਰਦਾ ਹੋਇਆ ਅਤੇ ਉਸਨੂੰ ਇਕੱਲੇ ਮਿਲਣ ਲਈ ਸੱਦਾ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ। ਉਸ ਔਰਤ ਦੀ ਪਹਿਚਾਣ ਸਿਮਰਨ ਉਰਫ਼ ਸਿਮੀ, ਨਰੇਸ਼ ਕੁਮਾਰ, ਮੁਠੱਡਾ ਖੁਰਦ (ਥਾਣਾ ਫਿਲੌਰ) ਵਜੋਂ ਹੋਈ। ਇਹ ਵੀਡੀਓ 6 ਅਕਤੂਬਰ 2025 ਦੀ ਹੈ।
ਡਿਪਟੀ ਪੁਲਿਸ ਸੁਪਰਡੈਂਟ ਫਿਲੌਰ ਸਰਵਣ ਸਿੰਘ ਬੱਲ ਨੇ ਦੱਸਿਆ ਕਿ 6 ਅਕਤੂਬਰ ਤੱਕ ਭੂਸ਼ਣ ਕੁਮਾਰ ਫਿਲੌਰ ਥਾਣੇ ਦੇ ਐਸਐਚਓ ਦੇ ਤੌਰ 'ਤੇ ਤੈਨਾਤ ਸੀ। ਉਨ੍ਹਾਂ ਕਿਹਾ ਕਿ ਇੱਕ ਜ਼ਿੰਮੇਵਾਰ ਪੁਲਿਸ ਅਧਿਕਾਰੀ ਹੋਣ ਦੇ ਬਾਵਜੂਦ ਭੂਸ਼ਣ ਕੁਮਾਰ ਨੇ ਆਪਣੇ ਅਹੁਦੇ ਦੀ ਗਲਤ ਵਰਤੋਂ ਕਰਦੇ ਹੋਏ ਔਰਤਾਂ ਨੂੰ ਤੰਗ ਕੀਤਾ ਅਤੇ ਸਰਕਾਰੀ ਡਿਊਟੀ ਦੌਰਾਨ ਜਿਨਸੀ ਸ਼ੋਸ਼ਣ ਕੀਤਾ।
ਇਹ ਵੀਡੀਓ ਅਤੇ ਆਡੀਓ ਕਲਿੱਪਾਂ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਿਭਾਗ ਦੀ ਛਵੀ 'ਤੇ ਸਵਾਲ ਖੜ੍ਹੇ ਹੋਏ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ, ਫਿਲੌਰ ਪੁਲਿਸ ਸਟੇਸ਼ਨ ਦੇ ਮੁਖੀ ਅਮਨ ਸੈਣੀ ਨੇ ਭੂਸ਼ਣ ਕੁਮਾਰ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਜਾਂਚ ਜਾਰੀ ਹੈ।
Get all latest content delivered to your email a few times a month.