IMG-LOGO
ਹੋਮ ਪੰਜਾਬ: ਮੰਡੀਆਂ ਨੂੰ ਗ੍ਰੀਨ ਐਨਰਜੀ ਵੱਲ ਮੋੜੇਗਾ ਪੰਜਾਬ ਮੰਡੀ ਬੋਰਡ, ਚਾਰ...

ਮੰਡੀਆਂ ਨੂੰ ਗ੍ਰੀਨ ਐਨਰਜੀ ਵੱਲ ਮੋੜੇਗਾ ਪੰਜਾਬ ਮੰਡੀ ਬੋਰਡ, ਚਾਰ ਜਿਲ੍ਹਿਆਂ ਵਿੱਚ ਲੱਗਣਗੇ ਸੋਲਰ ਪਾਵਰ ਪਲਾਂਟ - ਹਰਚੰਦ ਸਿੰਘ ਬਰਸਟ

Admin User - Oct 15, 2025 08:13 PM
IMG

ਚੰਡੀਗੜ੍ਹ, 15 ਅਕਤੂਬਰ, 2025- ਪੰਜਾਬ ਦੀਆਂ ਮੰਡੀਆਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਅਤੇ ਨਵਿਆਉਣਯੋਗ ਊਰਜਾ ਨੂੰ ਵਧਾਵਾ ਦੇਣ ਵੱਲ ਅਹਿਮ ਕਦਮ ਚੁੱਕਦਿਆਂ ਹੋਇਆ ਪੰਜਾਬ ਮੰਡੀ ਬੋਰਡ ਨੇ ਪਹਿਲੇ ਫੇਜ਼ ਵਿੱਚ ਜਿਲ੍ਹਾ ਪਟਿਆਲਾ, ਜਲੰਧਰ, ਫਿਰੋਜ਼ਪੁਰ ਅਤੇ ਲੁਧਿਆਣਾ ਦੀਆਂ ਵੱਖ-ਵੱਖ ਮੰਡੀਆਂ ਵਿੱਚ ਸੋਲਰ ਪਾਵਰ ਪਲਾਂਟ ਲਗਾਉਣ ਦੀ ਯੋਜਨਾ ਬਣਾਈ ਹੈ, ਜਿਸ ਤੇ ਜੰਗੀ ਪੱਧਰ ਤੇ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਯੋਜਨਾ ਤੇ ਲਗਭਗ 24.42 ਕਰੋੜ ਰੁਪਏ ਖਰਚ ਆਵੇਗਾ। ਇਸ ਪਹਿਲਕਦਮੀ ਨਾਲ ਬਿਜਲੀ ਖਰਚਿਆਂ ਵਿੱਚ ਸਾਲਾਨਾ ਲਗਭਗ 8.33 ਕਰੋੜ ਰੁਪਏ ਦੀ ਬਚਤ ਹੋਣ ਦੀ ਉਮੀਦ ਹੈ। ਇਹ ਜਾਣਕਾਰੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਸੂਬੇ ਦੀਆਂ ਮੰਡੀਆਂ ਵਿੱਚ ਨਵੀਨਤਮ ਤਕਨੀਕ ਲਿਆਉਣ ਦੀ ਦਿਸ਼ਾ ਵਿੱਚ ਮੀਲ ਪੱਥਰ ਸਾਬਤ ਹੋਵੇਗੀ।

ਸ. ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀਆਂ ਮੰਡੀਆਂ ਨੂੰ ਆਧੁਨਿਕ ਅਤੇ ਸੁਵਿਧਾਜਨਕ ਬਣਾਇਆ ਜਾ ਰਿਹਾ ਹੈ, ਤਾਂ ਜੋ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਅਤੇ ਮੰਡੀਆਂ ਵਿੱਚ ਆਉਣ ਵਾਲੇ ਹੋਰ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਇਸ ਯੋਜਨਾ ਦੀ ਸ਼ੁਰੂਆਤ ਦਾਣਾ ਮੰਡੀ, ਪਟਿਆਲਾ ਤੋਂ ਕੀਤੀ ਜਾ ਚੁੱਕੀ ਹੈ ਅਤੇ ਪਟਿਆਲਾ ਮੰਡੀ ਵਿਖੇ 74 ਕਿਲੋਵਾਟ ਦੀ ਸਮਰੱਥਾ ਵਾਲਾ ਰੂਫ਼ ਟੌਪ ਸੋਲਰ ਪਾਵਰ ਪਲਾਂਟ ਲਗਾਇਆ ਜਾ ਰਿਹਾ ਹੈ। ਜਿਲ੍ਹਾ ਪਟਿਆਲਾ ਦੀਆਂ 10 ਵੱਖ-ਵੱਖ ਮੰਡੀਆਂ ਵਿੱਚ 656 ਕਿਲੋਵਾਟ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟ ਦੀ ਸਥਾਪਨਾ ਕੀਤੀ ਜਾਵੇਗੀ, ਜਿਸ ਤੇ ਕਰੀਬ 6.49 ਕਰੋੜ ਰੁਪਏ ਖਰਚ ਆਵੇਗਾ। 

ਇਸੇ ਤਰ੍ਹਾਂ ਜਿਲ੍ਹਾ ਲੁਧਿਆਣਾ ਦੀਆਂ 11 ਵੱਖ-ਵੱਖ ਮੰਡੀਆਂ ਵਿੱਚ ਲਗਭਗ 7.12 ਕਰੋੜ ਰੁਪਏ ਦੀ ਲਾਗਤ ਨਾਲ 757 ਕਿਲੋਵਾਟ ਸਮਰੱਥਾ ਦਾ ਪਲਾਂਟ ਲਗਾਇਆ ਜਾਵੇਗਾ। ਜਿਲ੍ਹਾ ਫਿਰੋਜਪੁਰ ਵਿਖੇ ਕਰੀਬ 5.10 ਕਰੋੜ ਰੁਪਏ ਦੀ ਲਾਗਤ ਨਾਲ 8 ਵੱਖ-ਵੱਖ ਮੰਡੀਆਂ ਵਿੱਚ 647 ਕਿਲੋਵਾਟ ਸਮਰੱਥਾ ਦਾ ਪਲਾਂਟ ਲਗਾਇਆ ਜਾਣਾ ਹੈ। ਜਿਲ੍ਹਾ ਜਲੰਧਰ ਦੀਆਂ 11 ਵੱਖ-ਵੱਖ ਮੰਡੀਆਂ ਵਿੱਚ 794 ਕਿਲੋਵਾਟ ਸਮਰੱਥਾ ਦਾ ਸੋਲਰ ਪਾਵਰ ਪਲਾਂਟ ਲਗਾਇਆ ਜਾਣਾ ਹੈ, ਜਿਸ ਤੇ ਕਰੀਬ 5.71 ਕਰੋੜ ਰੁਪਏ ਖਰਚ ਆਵੇਗਾ। 

ਉਨ੍ਹਾਂ ਦੱਸਿਆ ਕਿ ਜਿਲ੍ਹਾ ਪਟਿਆਲਾ, ਜਲੰਧਰ, ਫਿਰੋਜ਼ਪੁਰ ਅਤੇ ਲੁਧਿਆਣਾ ਦੀਆਂ 40 ਵੱਖ-ਵੱਖ ਮੰਡੀਆਂ ਵਿੱਚ ਲਗਾਏ ਜਾਣ ਵਾਲੇ ਸੋਲਰ ਪਾਵਰ ਪਲਾਂਟ ਤੇ ਕਰੀਬ 24.42 ਕਰੋੜ ਰੁਪਏ ਖਰਚ ਆਵੇਗਾ, ਜਿਸ ਨਾਲ ਪੰਜਾਬ ਮੰਡੀ ਬੋਰਡ ਨੂੰ ਸਾਲਾਨਾ ਲਗਭਗ 8 ਕਰੋੜ 33 ਲੱਖ ਰੁਪਏ ਬਿਜਲੀ ਖਰਚਿਆਂ ਦੇ ਬਚਤ ਹੋਣ ਦੀ ਉਮੀਦ ਹੈ ਅਤੇ ਲਗਭਗ 3 ਸਾਲਾਂ ਵਿੱਚ ਇਹਨਾਂ ਸੋਲਰ ਪਾਵਰ ਪਲਾਂਟਾ ਤੇ ਹੋਏ ਖਰਚੇ ਦਾ ਭੁਗਤਾਨ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੋਲਰ ਪਾਵਰ ਪਲਾਂਟ ਲਗਾਉਣ ਨਾਲ ਜਿੱਥੇ ਮੰਡੀਆਂ ਦੀ ਬਿਜਲੀ ਲਾਗਤ ਘਟੇਗੀ, ਉੱਥੇ ਹੀ ਲੰਬੇ ਸਮੇਂ ਦੌਰਾਨ ਸਰਕਾਰੀ ਖਰਚ ਵਿੱਚ ਵੀ ਮਹੱਤਵਪੂਰਨ ਕਮੀ ਆਵੇਗੀ। ਇਹ ਉਪਰਾਲਾ ਨਾ ਕੇਵਲ ਆਰਥਿਕ ਬਚਤ ਦੇ ਰਾਹ ਖੋਲ੍ਹੇਗਾ, ਸਗੋਂ ਵਾਤਾਵਰਣ ਦੇ ਸੰਰਕਸ਼ਣ ਵੱਲ ਵੀ ਵੱਡਾ ਕਦਮ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.