ਤਾਜਾ ਖਬਰਾਂ
ਸੜਕ ਹਾਦਸੇ ਦਾ ਸ਼ਿਕਾਰ ਹੋਏ ਮਰਹੂਮ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਭਾਵੇਂ ਇਸ ਦੁਨੀਆ ਤੋਂ ਚਲੇ ਗਏ ਹਨ, ਪਰ ਉਨ੍ਹਾਂ ਦੀ ਛਾਪ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਹਮੇਸ਼ਾ ਰਹੇਗੀ। 8 ਅਕਤੂਬਰ, 2025 ਨੂੰ ਹੋਈ ਉਨ੍ਹਾਂ ਦੀ ਅਚਾਨਕ ਮੌਤ ਨੇ ਉਨ੍ਹਾਂ ਦੇ ਚਾਹੁਣ ਵਾਲਿਆਂ ਅਤੇ ਸਮੁੱਚੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ।
ਰਾਜਵੀਰ ਜਵੰਦਾ ਨੂੰ ਆਖਰੀ ਅਲਵਿਦਾ ਕਹਿਣ ਤੋਂ ਬਾਅਦ ਵੀ, ਪ੍ਰਸ਼ੰਸਕ ਅਜੇ ਵੀ ਵੱਖ-ਵੱਖ ਤਰੀਕਿਆਂ ਨਾਲ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ।
ਇਸੇ ਕੜੀ ਤਹਿਤ, ਬਠਿੰਡਾ ਜ਼ਿਲ੍ਹੇ ਦੀ ਰਾਮਾਂ ਮੰਡੀ ਦੇ ਪ੍ਰਸਿੱਧ ਆਰਟਿਸਟ ਅਤੇ ਮੂਰਤੀਕਾਰ ਰਾਮਪਾਲ ਬਹਿਣੀਵਾਲ ਨੇ ਰਾਜਵੀਰ ਜਵੰਦਾ ਨੂੰ ਇੱਕ ਵਿਲੱਖਣ ਢੰਗ ਨਾਲ ਯਾਦ ਕਰਦਿਆਂ, ਉਨ੍ਹਾਂ ਦਾ ਸੋਪ ਮਾਡਲ (Soap Model) ਤਿਆਰ ਕੀਤਾ ਹੈ। ਇਸ ਕਲਾਕ੍ਰਿਤੀ ਰਾਹੀਂ ਰਾਮਪਾਲ ਬਹਿਣੀਵਾਲ ਨੇ ਸਿਰਫ਼ ਇੱਕ ਮਾਡਲ ਨਹੀਂ ਬਣਾਇਆ, ਸਗੋਂ ਗਾਇਕ ਨੂੰ ਇੱਕ ਜੀਵੰਤ ਸ਼ਰਧਾਂਜਲੀ ਪੇਸ਼ ਕੀਤੀ ਹੈ, ਜੋ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖੇਗੀ।
ਰਾਮਪਾਲ ਬਹਿਣੀਵਾਲ ਨੇ ਕਿਹਾ ਕਿ ਰਾਜਵੀਰ ਜਵੰਦਾ ਪੰਜਾਬੀ ਸੰਗੀਤ ਜਗਤ ਦਾ ਉਹ ਨਾਂ ਸੀ, ਜੋ ਸਿਰਫ਼ ਗਾਇਕ ਨਹੀਂ, ਸਗੋਂ ਸੰਗੀਤ ਦਾ ਇੱਕ ਜਜ਼ਬਾਤ ਸੀ। ਉਨ੍ਹਾਂ ਦੀ ਆਵਾਜ਼, ਅੰਦਾਜ਼ ਅਤੇ ਲੋਕਾਂ ਨਾਲ ਉਨ੍ਹਾਂ ਦਾ ਜੋੜ ਬੇਮਿਸਾਲ ਸੀ। ਇਸੇ ਲਈ ਉਨ੍ਹਾਂ ਨੇ ਆਪਣੀ ਕਲਾ ਰਾਹੀਂ ਜਵੰਦਾ ਨੂੰ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ। ਜ਼ਿਕਰਯੋਗ ਹੈ ਕਿ ਰਾਮਪਾਲ ਬਹਿਣੀਵਾਲ ਪਹਿਲਾਂ ਵੀ ਕਈ ਪ੍ਰਸਿੱਧ ਸ਼ਖਸੀਅਤਾਂ ਦੇ ਮਾਡਲ ਅਤੇ ਮੂਰਤੀਆਂ ਤਿਆਰ ਕਰ ਚੁੱਕੇ ਹਨ, ਪਰ ਰਾਜਵੀਰ ਜਵੰਦਾ ਲਈ ਬਣਾਇਆ ਗਿਆ ਇਹ ਸੋਪ ਮਾਡਲ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ।
27 ਸਤੰਬਰ ਨੂੰ ਹੋਇਆ ਸੀ ਦਰਦਨਾਕ ਹਾਦਸਾ
ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਦਾ 35 ਸਾਲ ਦੀ ਉਮਰ ਵਿੱਚ 8 ਅਕਤੂਬਰ 2025 ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਾਲ 27 ਸਤੰਬਰ ਨੂੰ ਪਿੰਜੌਰ ਵਿੱਚ ਇੱਕ ਬਾਈਕ ਹਾਦਸਾ ਵਾਪਰਿਆ ਸੀ, ਜਦੋਂ ਉਹ ਸ਼ਿਮਲਾ ਜਾ ਰਹੇ ਸਨ। ਗੰਭੀਰ ਜ਼ਖਮੀ ਹੋਣ ਤੋਂ ਬਾਅਦ, ਉਹ 11 ਦਿਨਾਂ ਤੱਕ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਵੈਂਟੀਲੇਟਰ 'ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਰਹੇ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
Get all latest content delivered to your email a few times a month.