IMG-LOGO
ਹੋਮ ਪੰਜਾਬ: ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: ਵੱਖ...

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: ਵੱਖ ਵੱਖ ਸਮਾਗਮਾਂ ਦੇ ਪ੍ਰਬੰਧਾਂ ਦੀ ਤਿਆਰੀ ਲਈ ਮੰਤਰੀ ਸਮੂਹ ਦੀ ਸਮੀਖਿਆ ਮੀਟਿੰਗ

Admin User - Oct 17, 2025 08:46 PM
IMG

ਚੰਡੀਗੜ੍ਹ, 17 ਅਕਤੂਬਰ:

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮਾਂ ਦੀ ਨਿਗਰਾਨੀ ਕਰ ਰਹੇ ਪੰਜਾਬ ਸਰਕਾਰ ਦੇ ਮੰਤਰੀ ਸਮੂਹ ਨੇ ਵੱਖ ਵੱਖ ਸਮਾਗਮਾਂ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਬਤ ਸਮੀਖਿਆ ਮੀਟਿੰਗ ਕੀਤੀ। 

ਮੰਤਰੀ ਸਮੂਹ ਨੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਸਿੱਖਿਆ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਲਾਹਕਾਰ (ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ) ਦੀਪਕ ਬਾਲੀ ਦੀ ਪ੍ਰਧਾਨਗੀ ਹੇਠ ਸੈਰ-ਸਪਾਟਾ ਦਫ਼ਤਰ, ਸੈਕਟਰ 38 ਵਿਖੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸਾਰੇ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀ ਸ਼ਾਮਲ ਹੋਏ।

ਮੰਤਰੀ ਸਮੂਹ ਨੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸਬੰਧਤ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸਮਾਗਮ ਮੁੱਖ ਇਤਿਹਾਸਕ ਸਥਾਨਾਂ ਸਮੇਤ ਸੂਬੇ ਭਰ ਵਿੱਚ ਨਿਰਵਿਘਨ ਅਤੇ ਸ਼ਰਧਾ ਨਾਲ ਕਰਵਾਏ ਜਾਣ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨਵੰਬਰ ਦਾ ਪੂਰਾ ਮਹੀਨਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਹਿੰਮਤ, ਧਰਮ ਅਤੇ ਭਰੋਸੇ ਦੇ ਸਦੀਵੀ ਪੁੰਜ ਬਣੇ ਉਨ੍ਹਾਂ ਦੇ ਪੈਰੋਕਾਰਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਨੂੰ ਭਾਰਤ ਅਤੇ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਲਈ ਇਨ੍ਹਾਂ ਸਮਾਰੋਹਾਂ ਨੂੰ ਯਾਦਗਾਰੀ ਬਣਾਉਣ ਲਈ ਨੇੜਿਓਂ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ, "ਇਹ ਇਤਿਹਾਸਕ ਦਿਵਸ ਸਿਰਫ਼ ਸ਼ਰਧਾਂਜਲੀ ਨਹੀਂ ਹੈ, ਬਲਕਿ ਸਾਡੇ ਲਈ ਇੱਕ ਅਧਿਆਤਮਿਕ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ 350ਵੇਂ ਸ਼ਹੀਦੀ ਦਿਵਸ ਨਾਲ ਜੁੜੀ ਪਵਿੱਤਰਤਾ ਅਤੇ ਸ਼ਰਧਾ ਹਰ ਪ੍ਰਬੰਧ ਵਿੱਚੋਂ ਝਲਕੇ।” ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਵਿਸ਼ਵ ਪੱਧਰੀ ਹੋਣਗੇ। 

ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਗੇ ਦੱਸਿਆ ਕਿ 23 ਤੋਂ 25 ਨਵੰਬਰ ਤੱਕ ਹੋਣ ਵਾਲੇ ਮੁੱਖ ਸਮਾਗਮਾਂ ਲਈ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਨੂੰ ਚਿੱਟੇ ਰੰਗ ਨਾਲ ਰੰਗਿਆ ਜਾਵੇਗਾ ਜੋ ਕਿ ਪਵਿੱਤਰਤਾ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇੱਥੇ ਪਹੁੰਚਣ ਵਾਲੀ ਸੰਗਤ ਲਈ ਸੜਕਾਂ ਦੀ ਮੁਰੰਮਤ ਅਤੇ ਟੈਂਟ ਸਿਟੀ ਤੋਂ ਲੈ ਕੇ ਪੀਣ ਵਾਲੇ ਸਾਫ਼ ਪਾਣੀ, ਪਖਾਨਿਆਂ, ਡਾਕਟਰੀ ਸਹਾਇਤਾ ਅਤੇ ਕੁਸ਼ਲ ਟ੍ਰੈਫਿਕ ਪ੍ਰਬੰਧਨ ਤੱਕ ਹਰ ਸੰਭਵ ਸਹੂਲਤ ਪ੍ਰਦਾਨ ਕਰਨ ਲਈ ਵਚਨਬੱਧ ਹੈ। ਵਾਹਨਾਂ ਦੀ ਪਾਰਕਿੰਗ ਲਈ 29 ਪਾਰਕਿੰਗ ਸਥਾਨਾਂ ਦੀ ਪਛਾਣ ਕੀਤੀ ਗਈ ਹੈ ਅਤੇ ਸਮਾਗਮ ਦੌਰਾਨ ਇਹ ਸਾਰੇ ਸਥਾਨ ਕਾਰਜਸ਼ੀਲ ਰਹਿਣਗੇ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਨੂੰ ਪਵਿੱਤਰ ਸਥਾਨ ਤੱਕ ਲਿਆਉਣ ਅਤੇ ਵਾਪਸ ਲੈ ਕੇ ਜਾਣ ਲਈ ਇੱਕ ਸਮਰਪਿਤ ਸ਼ਟਲ ਬੱਸ ਸੇਵਾ ਚਲਾਈ ਜਾਵੇਗੀ। ਉਨ੍ਹਾਂ ਕਿਹਾ, "ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਕਿ ਇਹ ਯਾਦਗਾਰੀ ਸਮਾਗਮ ਧਾਰਮਿਕ ਵਿਸ਼ਵਾਸਾਂ ਅਤੇ ਸੱਭਿਆਚਾਰਕ ਪਰੰਪਰਾਵਾਂ ਮੁਤਾਬਕ ਕਰਵਾਏ ਜਾਣ।"

ਦੋਵਾਂ ਮੰਤਰੀਆਂ ਨੇ ਕਿਹਾ ਕਿ ਹਰ ਵਿਭਾਗ ਇਸ ਯਾਦਗਾਰ ਦੀ ਅਧਿਆਤਮਿਕ ਮਹੱਤਤਾ ਨੂੰ ਬਰਕਰਾਰ ਰੱਖਣ ਲਈ ਦ੍ਰਿੜ ਵਚਨਬੱਧਤਾ ਅਤੇ ਤਾਲਮੇਲ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਮਾਗਮਾਂ ਸਬੰਧੀ ਤਿਆਰੀਆਂ ਦਾ ਮੁਲਾਂਕਣ ਕਰਨ ਅਤੇ ਸਾਰੀਆਂ ਸਹੂਲਤਾਂ ਤੇ ਬੁਨਿਆਦੀ ਢਾਂਚੇ ਸਬੰਧੀ ਜ਼ਰੂਰਤਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਉਣ ਲਈ ਸਮੀਖਿਆ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ "ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਲਾਸਾਨੀ ਸ਼ਹਾਦਤ ਵਿਸ਼ਵਾਸ ਅਤੇ ਮਨੁੱਖਤਾ ਲਈ ਕੁਰਬਾਨੀ ਦੇ ਸਰਬੋਤਮ ਆਦਰਸ਼ਾਂ ਨੂੰ ਦਰਸਾਉਂਦੀ ਹੈ। ਸਾਡਾ ਸਮੂਹਿਕ ਯਤਨ ਇਹ ਯਕੀਨੀ ਬਣਾਉਣਾ ਹੈ ਕਿ ਦੁਨੀਆਂ ਦੇ ਹਰ ਕੋਨੇ ਤੋਂ ਆਉਣ ਵਾਲੀ ਸੰਗਤ ਇਸ ਇਤਿਹਾਸਕ ਦਿਵਸ ਦੀ ਪਵਿੱਤਰਤਾ ਅਤੇ ਇਨ੍ਹਾਂ ਸਮਾਗਮਾਂ ਦੇ ਸੁਚਾਰੂ ਅਮਲ ਦਾ ਅਨੁਭਵ ਕਰੇ।" 

ਇਸ ਮੌਕੇ 'ਤੇ ਬੋਲਦਿਆਂ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਦੱਸਿਆ ਕਿ ਭਾਰਤ ਭਰ ਦੇ 28 ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਨ੍ਹਾਂ ਯਾਦਗਾਰੀ ਸਮਾਗਮਾਂ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਨ੍ਹਾਂ ਇਤਿਹਾਸਕ ਸਮਾਰੋਹਾਂ ਦੀ ਅਗਵਾਈ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਸ ਵਿੱਚ ਕੀਰਤਨ ਦਰਬਾਰ, ਨਗਰ ਕੀਰਤਨ, ਲਾਈਟ ਐਂਡ ਸਾਊਂਡ ਸ਼ੋਅ ਅਤੇ ਅੰਤਰ-ਧਰਮ ਕਾਨਫਰੰਸਾਂ ਸ਼ਾਮਲ ਹੋਣਗੀਆਂ। ਉਨ੍ਹਾਂ ਕਿਹਾ, "ਸਾਨੂੰ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਦੇ ਆਸ਼ੀਰਵਾਦ ਅਤੇ ਸੇਵਾ ਭਾਵਨਾ ਸਦਕਾ, ਇਸ ਪਵਿੱਤਰ ਮੌਕੇ ਨੂੰ ਪੀੜ੍ਹੀਆਂ ਤੱਕ ਸ਼ਾਂਤੀ, ਸ਼ਰਧਾ ਅਤੇ ਏਕਤਾ ਦੇ ਪ੍ਰਤੀਕ ਵਜੋਂ ਯਾਦ ਰੱਖਿਆ ਜਾਵੇਗਾ।"

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.