ਤਾਜਾ ਖਬਰਾਂ
ਮੁੰਬਈ/ਚੰਡੀਗੜ੍ਹ। ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਜਲਦ ਹੀ ਪ੍ਰਸਿੱਧ ਟੈਲੀਵਿਜ਼ਨ ਸ਼ੋਅ 'ਕੌਣ ਬਣੇਗਾ ਕਰੋੜਪਤੀ' (KBC-17) ਵਿੱਚ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੇ ਸਾਹਮਣੇ ਹੌਟ ਸੀਟ 'ਤੇ ਨਜ਼ਰ ਆਉਣਗੇ। ਇਸਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਖੁਦ ਦਿਲਜੀਤ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਦਿਲਜੀਤ ਦੋਸਾਂਝ ਨੇ ਇੱਕ ਵੀਡੀਓ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ KBC ਵਿੱਚ ਜੋ ਵੀ ਰਾਸ਼ੀ ਜਿੱਤੀ ਹੈ, ਉਹ ਸਾਰੀ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ KBC ਰਾਹੀਂ ਉਨ੍ਹਾਂ ਨੂੰ ਇਹ ਨੇਕ ਕੰਮ ਕਰਨ ਲਈ ਆਵਾਜ਼ ਨੂੰ ਦੇਸ਼ ਪੱਧਰ ਤੱਕ ਪਹੁੰਚਾਉਣ ਦਾ ਇੱਕ ਆਸਾਨ ਤਰੀਕਾ ਮਿਲਿਆ ਹੈ।
QR ਕੋਡ ਰਾਹੀਂ ਦੁਨੀਆ ਭਰ ਤੋਂ ਮਿਲੇਗਾ ਦਾਨ
ਗਾਇਕ ਨੇ ਦੱਸਿਆ ਕਿ ਸ਼ੋਅ ਦੌਰਾਨ ਉਹ ਹਾਰੇ ਨਹੀਂ ਸਨ, ਸਗੋਂ ਸਮਾਂ ਸਮਾਪਤ ਹੋ ਗਿਆ ਸੀ, ਜਦੋਂ ਕਿ ਉਨ੍ਹਾਂ ਕੋਲ ਲਾਈਫਲਾਈਨ ਵੀ ਬਾਕੀ ਸੀ। ਇਸ ਦੌਰਾਨ ਸਭ ਤੋਂ ਖਾਸ ਗੱਲ ਇਹ ਰਹੀ ਕਿ KBC ਦੇ ਸੈੱਟ 'ਤੇ ਇੱਕ QR ਕੋਡ ਜਾਰੀ ਕੀਤਾ ਗਿਆ ਹੈ, ਜਿਸ ਰਾਹੀਂ ਦੁਨੀਆ ਭਰ ਤੋਂ ਲੋਕ ਹੜ੍ਹ ਪੀੜਤਾਂ ਦੀ ਮਦਦ ਲਈ ਸਿੱਧਾ ਦਾਨ ਕਰ ਸਕਣਗੇ।
ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਪਹਿਲਾਂ ਹੀ ਪੰਜਾਬ ਦੇ ਹੜ੍ਹ ਪ੍ਰਭਾਵਿਤ 10 ਪਿੰਡਾਂ ਨੂੰ ਗੋਦ ਲੈ ਚੁੱਕੇ ਹਨ ਅਤੇ ਉਨ੍ਹਾਂ ਦੀ ਟੀਮ ਜ਼ਮੀਨੀ ਪੱਧਰ 'ਤੇ ਰਾਹਤ ਕਾਰਜਾਂ ਵਿੱਚ ਜੁਟੀ ਹੋਈ ਹੈ। KBC ਰਾਹੀਂ ਜਿੱਤੀ ਗਈ ਰਾਸ਼ੀ ਅਤੇ ਦਾਨ ਨਾਲ ਇਸ ਮੁਹਿੰਮ ਨੂੰ ਹੋਰ ਬਲ ਮਿਲੇਗਾ। ਉਨ੍ਹਾਂ ਦੇ ਇਸ ਕਦਮ ਦੀ ਪ੍ਰਸ਼ੰਸਕਾਂ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
Get all latest content delivered to your email a few times a month.