ਤਾਜਾ ਖਬਰਾਂ
ਭਾਰਤੀ ਕ੍ਰਿਕਟਰ ਪਰਵੇਜ਼ ਰਸੂਲ ਨੇ ਆਪਣੇ ਸ਼ਾਨਦਾਰ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਹੈ। ਜੰਮੂ-ਕਸ਼ਮੀਰ ਤੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੇ ਪਹਿਲੇ ਖਿਡਾਰੀ ਅਤੇ ਆਈ.ਪੀ.ਐੱਲ. ਵਿੱਚ ਜਗ੍ਹਾ ਬਣਾਉਣ ਵਾਲੇ ਪਹਿਲੇ ਕ੍ਰਿਕਟਰ ਰਹੇ ਰਸੂਲ ਨੇ ਹੁਣ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। 36 ਸਾਲਾ ਰਸੂਲ ਨੇ ਬੀ.ਸੀ.ਸੀ.ਆਈ. ਨੂੰ ਆਪਣੇ ਸੰਨਿਆਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ 17 ਸਾਲ ਦੇ ਆਪਣੇ ਫਸਟ-ਕਲਾਸ ਕਰੀਅਰ ਵਿੱਚ 352 ਵਿਕਟਾਂ ਝਟਕਾਈਆਂ ਅਤੇ 5648 ਦੌੜਾਂ ਬਣਾਈਆਂ।
ਟੀਮ ਇੰਡੀਆ ਲਈ ਸਿਰਫ਼ 2 ਮੈਚ ਖੇਡੇ
ਜਿੱਥੇ ਰਸੂਲ ਨੇ ਫਸਟ ਕਲਾਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉੱਥੇ ਹੀ ਉਨ੍ਹਾਂ ਦਾ ਅੰਤਰਰਾਸ਼ਟਰੀ ਕਰੀਅਰ ਸਿਰਫ਼ ਦੋ ਮੈਚਾਂ (ਇੱਕ ਵਨ-ਡੇ ਅਤੇ ਇੱਕ ਟੀ-20) ਤੱਕ ਸੀਮਤ ਰਿਹਾ। ਉਨ੍ਹਾਂ ਨੂੰ ਪਹਿਲੀ ਵਾਰ ਸੁਰੇਸ਼ ਰੈਨਾ ਦੀ ਕਪਤਾਨੀ ਵਿੱਚ ਟੀਮ ਇੰਡੀਆ ਲਈ ਖੇਡਣ ਦਾ ਮੌਕਾ ਮਿਲਿਆ। 15 ਜੂਨ 2014 ਨੂੰ ਬੰਗਲਾਦੇਸ਼ ਖ਼ਿਲਾਫ਼ ਮੀਰਪੁਰ ਵਿੱਚ ਰਸੂਲ ਨੇ ਟੀ-20 ਇੰਟਰਨੈਸ਼ਨਲ ਡੈਬਿਊ ਕੀਤਾ। ਇਸ ਤੋਂ ਲਗਭਗ ਢਾਈ ਸਾਲ ਬਾਅਦ, ਉਨ੍ਹਾਂ ਨੇ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਇੰਗਲੈਂਡ ਵਿਰੁੱਧ ਕਾਨਪੁਰ ਵਿੱਚ ਆਪਣਾ ਪਹਿਲਾ ਵਨ-ਡੇ (ODI) ਮੈਚ ਖੇਡਿਆ।
ਰਣਜੀ ਵਿੱਚ ਦਿਖਾਇਆ ਦਮ
ਉਨ੍ਹਾਂ ਨੇ ਰਣਜੀ ਟਰਾਫੀ ਵਿੱਚ ਸਰਵੋਤਮ ਆਲਰਾਊਂਡਰ ਲਈ ਲਾਲਾ ਅਮਰਨਾਥ ਟਰਾਫੀ ਦੋ ਵਾਰ (2013/14 ਅਤੇ 2017/18) ਜਿੱਤੀ, ਜੋ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਦਰਸਾਉਂਦੀ ਹੈ। ਪਰਵੇਜ਼ ਰਸੂਲ ਦਾ ਸਫ਼ਰ ਇਸ ਗੱਲ ਦੀ ਮਿਸਾਲ ਹੈ ਕਿ ਔਖੇ ਹਾਲਾਤਾਂ ਵਿੱਚ ਵੀ ਜਨੂੰਨ ਅਤੇ ਮਿਹਨਤ ਨਾਲ ਸਫਲਤਾ ਦੀ ਰਾਹ ਬਣਾਈ ਜਾ ਸਕਦੀ ਹੈ।
ਸੰਨਿਆਸ ਦੇ ਮੌਕੇ 'ਤੇ ਸਪੋਰਟਸਸਟਾਰ ਨਾਲ ਗੱਲਬਾਤ ਕਰਦਿਆਂ ਰਸੂਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਖੇਡਣਾ ਸ਼ੁਰੂ ਕੀਤਾ ਸੀ, ਉਦੋਂ ਬਹੁਤ ਲੋਕ ਜੰਮੂ-ਕਸ਼ਮੀਰ ਕ੍ਰਿਕਟ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਸਨ। ਪਰ ਅਸੀਂ ਵੱਡੀਆਂ-ਵੱਡੀਆਂ ਟੀਮਾਂ ਨੂੰ ਹਰਾਇਆ ਅਤੇ ਰਣਜੀ ਟਰਾਫੀ ਸਮੇਤ ਬੀ.ਸੀ.ਸੀ.ਆਈ. ਦੇ ਕਈ ਟੂਰਨਾਮੈਂਟਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਲੰਬੇ ਸਮੇਂ ਤੱਕ ਟੀਮ ਦੀ ਕਪਤਾਨੀ ਕੀਤੀ ਅਤੇ ਇਸ ਸਫਲਤਾ ਦੀ ਕਹਾਣੀ ਦਾ ਹਿੱਸਾ ਬਣਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਬੀ.ਸੀ.ਸੀ.ਆਈ. ਸੈਂਟਰ ਆਫ਼ ਐਕਸੀਲੈਂਸ ਤੋਂ ਲੈਵਲ-II ਕੋਚਿੰਗ ਸਰਟੀਫਿਕੇਟ ਪ੍ਰਾਪਤ ਕੀਤਾ ਹੈ ਅਤੇ ਹੁਣ ਉਨ੍ਹਾਂ ਦਾ ਟੀਚਾ ਫੁੱਲ-ਟਾਈਮ ਕੋਚਿੰਗ ਕਰਨਾ, ਨੌਜਵਾਨ ਕ੍ਰਿਕਟਰਾਂ ਨੂੰ ਮਾਰਗਦਰਸ਼ਨ ਦੇਣਾ ਅਤੇ ਵਿਦੇਸ਼ੀ ਲੀਗਾਂ ਵਿੱਚ ਸ਼ਿਰਕਤ ਕਰਨਾ ਹੈ।
ਆਈ.ਪੀ.ਐੱਲ. ਵਿੱਚ ਪੁਣੇ ਵਾਰੀਅਰਜ਼ ਨੇ ਦਿੱਤਾ ਮੌਕਾ
ਸਾਲ 2012-13 ਵਿੱਚ ਰਸੂਲ ਨੇ ਜੰਮੂ-ਕਸ਼ਮੀਰ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਸੀਜ਼ਨ ਵਿੱਚ ਰਸੂਲ ਨੇ 594 ਦੌੜਾਂ ਬਣਾਈਆਂ ਸਨ ਅਤੇ 33 ਵਿਕਟਾਂ ਆਪਣੇ ਨਾਮ ਕੀਤੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕਰ ਲਿਆ ਗਿਆ ਅਤੇ ਫਿਰ ਆਈ.ਪੀ.ਐੱਲ. ਫ੍ਰੈਂਚਾਈਜ਼ੀ ਪੁਣੇ ਵਾਰੀਅਰਜ਼ ਨਾਲ ਵੀ ਜੁੜ ਗਏ। ਹਾਲਾਂਕਿ, ਪਿਛਲੇ ਕੁਝ ਸੀਜ਼ਨ ਰਸੂਲ ਲਈ ਚੰਗੇ ਨਹੀਂ ਰਹੇ। ਉਹ ਲੰਬੇ ਸਮੇਂ ਤੋਂ ਜੰਮੂ-ਕਸ਼ਮੀਰ ਦੀ ਰਣਜੀ ਟਰਾਫੀ ਟੀਮ ਤੋਂ ਬਾਹਰ ਚੱਲ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਸ਼੍ਰੀਲੰਕਾ ਵਿੱਚ ਫਸਟ ਕਲਾਸ ਕ੍ਰਿਕਟ ਖੇਡਣਾ ਜਾਰੀ ਰੱਖਿਆ ਅਤੇ ਕਸ਼ਮੀਰ ਘਾਟੀ ਦੇ ਨੌਜਵਾਨ ਕ੍ਰਿਕਟਰਾਂ ਨੂੰ ਸਿਖਲਾਈ ਦਿੱਤੀ। ਹੁਣ ਉਨ੍ਹਾਂ ਦੀਆਂ ਨਜ਼ਰਾਂ ਫੁੱਲ ਟਾਈਮ ਕੋਚਿੰਗ ਦੇਣ 'ਤੇ ਟਿਕੀਆਂ ਹਨ।
Get all latest content delivered to your email a few times a month.