ਤਾਜਾ ਖਬਰਾਂ
ਦੀਵਾਲੀ ਦੀ ਰਾਤ ਨੂੰ ਪਿੰਡ ਧਗਾਣਾ ਵਿੱਚ ਇੱਕ ਦੁਖਦਾਈ ਘਟਨਾ ਵਿੱਚ ਸਾਬਕਾ ਕਾਂਗਰਸੀ ਸਰਪੰਚ ਵੱਲੋਂ ਗੋਲੀਆਂ ਮਾਰਨ ਕਾਰਨ ਆਮ ਆਦਮੀ ਪਾਰਟੀ (ਆਪ) ਦੀ ਮੌਜੂਦਾ ਪੰਚਾਇਤ ਮੈਂਬਰ ਮਨਦੀਪ ਕੌਰ (ਪਤਨੀ ਜਤਿੰਦਰ ਸਿੰਘ) ਦਾ ਕਤਲ ਕਰ ਦਿੱਤਾ ਗਿਆ। ਇਹ ਖੂਨੀ ਘਟਨਾ ਰਾਤ ਕਰੀਬ 9:30 ਵਜੇ ਵਾਪਰੀ।
ਟਰੈਕਟਰ 'ਤੇ ਡੀ.ਜੇ. ਤੋਂ ਸ਼ੁਰੂ ਹੋਇਆ ਝਗੜਾ
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਕਤਲ ਦਾ ਕਾਰਨ ਗੁਆਂਢੀਆਂ ਵਿਚਕਾਰ ਤੇਜ਼ ਆਵਾਜ਼ ਨੂੰ ਲੈ ਕੇ ਹੋਇਆ ਇੱਕ ਮਾਮੂਲੀ ਝਗੜਾ ਸੀ। ਡੀਐੱਸਪੀ ਭੱਟੀ ਲਵਕੇਸ਼ ਸੈਣੀ ਨੇ ਦੱਸਿਆ ਕਿ ਮੁਲਜ਼ਮ ਸੁਖਵਿੰਦਰ ਸਿੰਘ (ਪੁੱਤਰ ਸਾਹਿਬ ਸਿੰਘ, ਸਾਬਕਾ ਕਾਂਗਰਸੀ ਸਰਪੰਚ) ਦੀਵਾਲੀ ਦੇ ਤਿਉਹਾਰ ਮੌਕੇ ਆਪਣੇ ਟਰੈਕਟਰ 'ਤੇ ਤੇਜ਼ ਆਵਾਜ਼ ਵਿੱਚ ਗਾਣੇ (ਡੀ.ਜੇ.) ਚਲਾ ਰਿਹਾ ਸੀ।
ਜਦੋਂ ਮ੍ਰਿਤਕਾ ਦੇ ਪਤੀ ਜਤਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਤੇਜ਼ ਆਵਾਜ਼ ਦਾ ਵਿਰੋਧ ਕੀਤਾ ਗਿਆ, ਤਾਂ ਦੋਵਾਂ ਧਿਰਾਂ ਵਿੱਚ ਝਗੜਾ ਵੱਧ ਗਿਆ। ਗੁੱਸੇ ਵਿੱਚ ਆ ਕੇ ਮੁਲਜ਼ਮ ਸੁਖਵਿੰਦਰ ਸਿੰਘ ਨੇ ਆਪਣੀ 12 ਬੋਰ ਦੀ ਰਾਇਫਲ ਨਾਲ ਫਾਇਰ ਕਰ ਦਿੱਤਾ।
ਗੋਲੀ ਲੱਗਣ ਨਾਲ ਮਨਦੀਪ ਕੌਰ ਦੀ ਮੌਤ
ਮੁਲਜ਼ਮ ਦਾ ਨਿਸ਼ਾਨਾ ਜਤਿੰਦਰ ਸਿੰਘ ਅਤੇ ਉਸਦੇ ਰਿਸ਼ਤੇਦਾਰ ਜਗਰੂਪ ਸਿੰਘ ਸਨ, ਪਰ ਗੋਲੀ ਜਤਿੰਦਰ ਸਿੰਘ ਦੀ ਪਤਨੀ ਅਤੇ ਮੌਜੂਦਾ ਪੰਚਾਇਤ ਮੈਂਬਰ ਮਨਦੀਪ ਕੌਰ ਨੂੰ ਜਾ ਲੱਗੀ। ਗੰਭੀਰ ਰੂਪ ਵਿੱਚ ਜ਼ਖਮੀ ਹੋਈ ਮਨਦੀਪ ਕੌਰ ਨੂੰ ਤੁਰੰਤ ਸਰਕਾਰੀ ਹਸਪਤਾਲ ਪੱਟੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਦੋ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ
ਡੀਐੱਸਪੀ ਲਵਕੇਸ਼ ਸੈਣੀ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਅਤੇ ਉਸਦੇ ਭਰਾ ਲਖਵਿੰਦਰ ਸਿੰਘ (ਪੁੱਤਰ ਸਾਹਿਬ ਸਿੰਘ) ਦੇ ਖਿਲਾਫ਼ ਕਤਲ ਸਮੇਤ ਸੰਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਜਲਦ ਹੀ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ।
Get all latest content delivered to your email a few times a month.