ਤਾਜਾ ਖਬਰਾਂ
ਚੰਡੀਗੜ੍ਹ, 24 ਅਕਤੂਬਰ-
'ਹਿੰਦ ਦੀ ਚਾਦਰ', ਸਰਬੰਸ ਦਾਨੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹੀਨਾ ਭਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਕੱਲ੍ਹ, 25 ਅਕਤੂਬਰ ਨੂੰ ਕੌਮੀ ਰਾਜਧਾਨੀ ਦਿੱਲੀ ਸਥਿਤ ਪਵਿੱਤਰ ਅਸਥਾਨਾਂ ਤੋਂ ਹੋਵੇਗੀ। ਇਹ ਸਮਾਗਮ ਪੰਜਾਬ ਸਰਕਾਰ ਵੱਲੋਂ ਪੂਰੀ ਸ਼ਰਧਾ, ਸਤਿਕਾਰ ਅਤੇ ਗੁਰ ਮਰਿਆਦਾ ਅਨੁਸਾਰ ਕਰਵਾਏ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਸਵੇਰੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਗੁਰੂ ਸਾਹਿਬ ਦੇ ਨਾਲ ਲਾਸਾਨੀ ਸ਼ਹਾਦਤ ਦੇਣ ਵਾਲੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਥਾਨਾਂ 'ਤੇ ਜਾ ਕੇ ਸ਼ਰਧਾਂਜਲੀ ਭੇਟ ਕਰਨਗੇ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ 25 ਅਕਤੂਬਰ ਨੂੰ ਸਵੇਰੇ 11:30 ਵਜੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦਿੱਲੀ ਵਿਖੇ ਪਹੁੰਚਣਗੇ। ਉਨ੍ਹਾਂ ਦੇ ਨਾਲ ਪੰਜਾਬ ਕੈਬਨਿਟ ਦੇ ਹੋਰ ਮੰਤਰੀ ਵੀ ਮੌਜੂਦ ਰਹਿਣਗੇ। ਸਾਰੇ ਮੰਤਰੀ ਸਾਂਝੇ ਤੌਰ 'ਤੇ ਰੁਮਾਲਾ ਸਾਹਿਬ ਭੇਟ ਕਰਨਗੇ ਅਤੇ (ਸਵੇਰੇ 11 ਵਜੇ ਹੋਣ ਵਾਲੀ) ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਸ਼ਾਮਲ ਹੋਣਗੇ।
ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਸਥਿਤ, ਧਰਮ ਹਿੱਤ ਜਾਨਾਂ ਵਾਰਨ ਵਾਲੇ ਮਹਾਨ ਸਿੱਖ ਸ਼ਹੀਦਾਂ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਅਸਥਾਨਾਂ 'ਤੇ ਜਾਣਗੇ। ਇੱਥੇ ਮੁੱਖ ਮੰਤਰੀ ਅਤੇ ਸਮੂਹ ਕੈਬਨਿਟ ਵੱਲੋਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ ਅਤੇ ਅਰਦਾਸ ਕੀਤੀ ਜਾਵੇਗੀ।
ਇਹਨਾਂ ਮਹੀਨਾ ਭਰ ਚੱਲਣ ਵਾਲੇ ਸਮਾਗਮਾਂ ਦੀ ਰਸਮੀ ਸ਼ੁਰੂਆਤ ਕੱਲ੍ਹ ਸ਼ਾਮ 6 ਵਜੇ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ, ਦਿੱਲੀ ਵਿਖੇ ਹੋਣ ਵਾਲੇ ਵਿਸ਼ੇਸ਼ 'ਕੀਰਤਨ ਸਮਾਗਮ' ਨਾਲ ਹੋਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਸਰਕਾਰ ਵੱਲੋਂ ਇਹ ਸ਼ਹੀਦੀ ਸਮਾਗਮ 25 ਅਕਤੂਬਰ ਤੋਂ 25 ਨਵੰਬਰ ਤੱਕ ਪੂਰਾ ਇੱਕ ਮਹੀਨਾ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਏ ਜਾਣਗੇ। ਇਨ੍ਹਾਂ ਸਮਾਗਮਾਂ ਦੌਰਾਨ ਚਾਰ ਵਿਸ਼ਾਲ ਨਗਰ ਕੀਰਤਨ ਸਜਾਏ ਜਾਣਗੇ, ਜਿਨ੍ਹਾਂ ਵਿੱਚੋਂ ਇੱਕ ਸ੍ਰੀਨਗਰ ਅਤੇ ਬਾਕੀ ਤਿੰਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਰੰਭ ਹੋਣਗੇ।
ਇਨ੍ਹਾਂ ਸਮਾਗਮਾਂ ਦੀ ਸਮਾਪਤੀ 23, 24 ਅਤੇ 25 ਨਵੰਬਰ ਨੂੰ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਧਾਰਮਿਕ ਸਮਾਗਮਾਂ ਨਾਲ ਹੋਵੇਗੀ। ਮੁੱਖ ਮੰਤਰੀ ਨੇ ਸਪੱਸ਼ਟ ਹਦਾਇਤ ਕੀਤੀ ਹੈ ਕਿ ਸਾਰੇ ਸਮਾਗਮ ਪੂਰੀ ਮਰਿਆਦਾ ਅਤੇ ਸਤਿਕਾਰ ਨੂੰ ਮੁੱਖ ਰੱਖਦਿਆਂ ਆਯੋਜਿਤ ਕੀਤੇ ਜਾਣ, ਤਾਂ ਜੋ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਦਾ ਸੰਦੇਸ਼ ਦੁਨੀਆ ਭਰ ਵਿੱਚ ਪਹੁੰਚ ਸਕੇ।
Get all latest content delivered to your email a few times a month.