ਤਾਜਾ ਖਬਰਾਂ
ਕਹਿੰਦੇ ਦੁੱਖ ਵੰਡਿਆਂ ਘਟ ਜਾਂਦੈ, ਆਏ ਤਾਂ ਹਾਂ ਦੁੱਖ ਫ਼ੋਲਣ ਨੂੰ।
ਪਰ ਕੀ ਕਰੀਏ, ਕੁਝ ਸੁੱਝਦਾ ਨਹੀਂ,
ਕੋਈ ਲਫ਼ਜ਼ ਨਹੀਂ ਲੱਭਦਾ ਬੋਲਣ ਨੂੰ।
ਅੰਤਿਮ ਅਰਦਾਸ ਦਾ ਭੋਗ ਪਿਆ। ਹਰ ਪਾਸੇ ਪਸਰਿਆ ਸੋਗ ਪਿਆ।
ਹਰ ਪਾਸੇ ਹਾਉਕੇ ਹਟਕੋਰੇ।
ਕੋਈ ਗੱਲ ਕਿਸੇ ਨਾਲ ਕੀ ਤੋਰੇ।
ਕੁਝ ਕਰਿਆ ਨਹੀਂ ਦੁਆਵਾਂ ਨੇ।
ਅੰਬਰ ਵੱਲ ਉੱਠੀਆਂ ਬਾਹਵਾਂ ਨੇ।
ਨਾ ਅਸਰ ਹੋਇਆ ਅਰਦਾਸਾਂ ਦਾ।
ਦਮ ਟੁੱਟ ਗਿਆ ਆਖ਼ਰ ਆਸਾਂ ਦਾ।
ਵੇ ਰੱਬਾ! ਇਹ ਤੂੰ ਕੀ ਕੀਤਾ।
ਮੈਨੂੰ ਦੱਸ ਕਿਵੇਂ ਤੇਰਾ ਜੀ ਕੀਤਾ।
ਜਦ ਪੈਣ ਵਿਛੋੜੇ ਭਾਈਆਂ ਦੇ।
ਕੀ ਹਾਲ ਹੁੰਦੇ ਮਾਂ ਜਾਈਆਂ ਦੇ।
ਜਦ ਭੈਣਾਂ ਰੋਣ ਭਰਾਵਾਂ ਨੂੰ।
ਗਲ਼ ਪਾ ਪਾ ਭੱਜੀਆਂ ਬਾਹਵਾਂ ਨੂੰ।
ਫਿਰ ਕੌਣ ਵਰਾਵੇ ਮਾਵਾਂ ਨੂੰ।
ਉਮਰਾਂ ਲੱਗ ਜਾਂਦੀਆਂ ਨੇ ਲੋਕੋ,
ਮਮਤਾ ਦੀਆਂ ਗੰਢਾਂ ਖੋਲ੍ਹਣ ਨੂੰ।
ਜੀਭਾਂ ਤੇ ਜੰਦਰੇ ਮਾਰ ਗਿਆ,
ਸਾਡਾ ਜੀ ਨਹੀਂ ਕਰਦਾ ਬੋਲਣ ਨੂੰ।
ਇੱਕ ਉੱਜੜੀ ਧੀ ਮੁਟਿਆਰ ਦੀਆਂ।
ਅੱਜ ਸੱਧਰਾਂ ਧਾਹਾਂ ਮਾਰਦੀਆਂ।
ਤੇਰੀ ਸਦਾ ਸੁਹਾਗਣ ਧੀ ਮਾਏ।
ਅੱਜ ਕੀ ਤੋਂ ਬਣ ਗਈ ਕੀ ਮਾਏ।
ਦਿਨ ਕਰਵਾ ਚੌਥ ਦਾ ਆਉਣਾ ਸੀ।
ਮੈਂ ਵੀ ਤਾਂ ਸ਼ਗਨ ਮਨਾਉਣਾ ਸੀ।
ਚੜ੍ਹ ਕੋਠੇ ਅਰਘ ਚੜ੍ਹਾਉਣਾ ਸੀ।
ਉਹ ਆਇਆ ਨਹੀਂ ਜਿਸ ਆਉਣਾ ਸੀ।
ਮੇਰਾ ਚੰਨ ਹੀ ਗੋਡੀ ਮਾਰ ਗਿਆ।
ਵਾਪਸ ਨਹੀਂ ਮੁੜਿਆ ਬਾਹਰ ਗਿਆ।
ਸਭ ਖੇਡਾਂ ਨੇ ਤਕਦੀਰ ਦੀਆਂ।
ਮੱਥੇ ਤੇ ਲਿਖੀ ਲਕੀਰ ਦੀਆਂ।
ਇਹ ਵੀ ਦਿਨ ਵੇਖਣੇ ਪੈਣੇ ਸਨ।
ਮੈਨੂੰ ਪਤਾ ਨਹੀਂ ਸੀ ਇਉਂ ਰੱਬ ਨੇ,
ਸਾਥੋਂ ਗਿਣ ਗਿਣ ਬਦਲੇ ਲੈਣੇ ਸਨ।
ਮਾਂ ਧੂਣੀ ਵਾਂਗੂੰ ਧੁਖਦੀ ਰਹੀ।
ਤੇਰੇ ਸਿਰ ਦੀਆਂ ਸੁੱਖਾਂ ਸੁੱਖਦੀ ਰਹੀ।
ਗਲ਼ ਲਾ ਕੇ ਬਾਲ ਨਿਆਣਿਆਂ ਨੂੰ, ਤੇਰਾ ਮੂੰਹ ਵੇਖਣ ਨੂੰ ਲੁੱਛਦੀ ਰਹੀ।
ਤੂੰ ਤੁਰ ਗਿਆ ਬਾਕੀ ਕੀ ਰਹਿ ਗਿਆ।
ਬੱਸ ਸਭ ਕੁਝ ਖੋਹ ਕੇ ਹੀ ਲੈ ਗਿਆ।
ਰੱਬ ਕਰਕੇ ਤੇਰੇ ਵਾਂਗੂੰ ਨਾ,
ਕੋਈ ਗੱਭਰੂ ਪੁੱਤ ਜਵਾਨ ਮਰੇ।
ਧਰਤੀ ਦੀਆਂ ਧਾਹਾਂ ਨਿਕਲ ਗਈਆਂ,
ਸੂਰਜ ਦਾ ਮਰਸੀਆ ਕੌਣ ਪੜ੍ਹੇ?
Get all latest content delivered to your email a few times a month.