ਤਾਜਾ ਖਬਰਾਂ
ਤਰਨਤਾਰਨ, 28 ਅਕਤੂਬਰ: ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ 'ਤੇ ਸਖ਼ਤ ਹਮਲਾ ਕਰਦੇ ਹੋਏ, ਲੋਕਾਂ ਨੂੰ ਸੱਤਾਧਾਰੀ ਪਾਰਟੀ ਤੋਂ ਉਸਦੇ ਟੁੱਟੇ ਹੋਏ ਵਾਅਦਿਆਂ ਬਾਰੇ ਪੁੱਛਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਪਾਰਟੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਸਮਰਥਨ ਵਿੱਚ ਆਯੋਜਿਤ ਇੱਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਕਿਹਾ ਕਿ ਇਨ੍ਹਾਂ ਕੋਲ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ ਹੈ ਅਤੇ ਬੇਹਤਰ ਹੋਵੇਗਾ ਕਿ ਇਨ੍ਹਾਂ ਨੂੰ ਲੋਕਾਂ ਨਾਲ ਕੀਤੇ ਵਾਅਦਿਆਂ ਪ੍ਰਤੀ ਜਵਾਬਦੇਹ ਬਣਾਇਆ ਜਾਵੇ।
ਇਸ ਦੌਰਾਨ 'ਬੋਲੇ ਸੋ ਨਿਹਾਲ' ਦੇ ਨਾਅਰਿਆਂ ਵਿਚਕਾਰ ਉਨ੍ਹਾਂ ਨੇ ਲੋਕਾਂ ਨੂੰ 'ਆਪ' ਆਗੂਆਂ ਨੂੰ ਜਵਾਬਦੇਹ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਇਹ ਤੁਹਾਡੀਆਂ ਵੋਟਾਂ ਲਈ ਤੁਹਾਡੇ ਕੋਲ ਆਉਂਦੇ ਹਨ, ਤਾਂ ਪਹਿਲਾਂ ਇਨ੍ਹਾਂ ਤੋਂ ਪੁੱਛੋ ਕਿ ਇਨ੍ਹਾਂ ਨੇ ਇੰਨੇ ਸਾਲਾਂ ਵਿੱਚ ਕੀ ਕੀਤਾ ਹੈ।
ਕਾਂਗਰਸ ਨੇ ਤਰਨਤਾਰਨ ਜਿਮਨੀ ਚੋਣ ਲਈ ਆਪਣੀ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ਸੂਬਾ ਕਾਂਗਰਸ ਪ੍ਰਧਾਨ ਖੁਦ ਹਲਕੇ ਵਿੱਚ ਰਹਿ ਰਹੇ ਹਨ ਅਤੇ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ, ਪਾਰਟੀ ਉਮੀਦਵਾਰ ਲਈ ਸਮਰਥਨ ਜੁਟਾਉਣ ਵਾਸਤੇ ਵਰਕਰਾਂ ਅਤੇ ਆਗੁਆਂ ਤੱਕ ਪਹੁੰਚ ਕਰ ਰਹੇ ਹਨ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਆਪ ਪਹਿਲਾਂ ਹੀ ਪੰਜਾਬ ਵਿੱਚ ਲਗਭਗ ਚਾਰ ਸਾਲਾਂ ਤੋਂ ਸੱਤਾ ਵਿੱਚ ਹੈ। ਇਹ ਹਰ ਸਮੇਂ ਝੂਠਾਂ ਸਹਾਰੇ ਨਹੀਂ ਟਿਕ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਨੇ ਕਦੇ ਵੀ ਅਜਿਹੇ ਧੋਖੇਬਾਜ਼ ਤੇ ਝੂਠੇ ਨਹੀਂ ਦੇਖੇ ਹਨ, ਜਿਨ੍ਹਾਂ ਲਈ ਝੂਠ ਬੋਲਣਾ ਇੱਕ ਫੁੱਲ ਟਾਈਮ ਪੇਸ਼ੇਵਰ ਕਾਰੋਬਾਰ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ 'ਆਪ' ਲੀਡਰਸ਼ਿਪ ਨੂੰ ਪੰਜਾਬ ਦੀ ਹਰ ਔਰਤ ਨੂੰ 1100 ਰੁਪਏ ਦੇਣ, ਨਸ਼ਿਆਂ ਅਤੇ ਅਪਰਾਧਾਂ ਨੂੰ ਖਤਮ ਕਰਨ ਅਤੇ ਸੂਬੇ ਵਿੱਚ ਸਿਹਤ ਸੰਭਾਲ ਤੇ ਸਿੱਖਿਆ ਨੂੰ ਬਿਹਤਰ ਬਣਾਉਣ ਦੇ ਵਾਅਦੇ ਬਾਰੇ ਯਾਦ ਦਿਵਾਇਆ।
ਉਨ੍ਹਾਂ ਨੇ ਨਸ਼ੇ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਅਤੇ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਦੇ ਵਾਅਦਿਆਂ ਦੇ ਉਲਟ, 'ਆਪ' ਨੇ ਪੰਜਾਬ ਲਈ ਜੋ ਲੈ ਕੇ ਆਈ ਹੈ, ਉਹ ਨਸ਼ਿਆਂ ਕਾਰਨ ਜ਼ਿਆਦਾ ਮੌਤਾਂ, ਅਪਰਾਧਿਕ ਅਤੇ ਗੈਂਗਸਟਰ ਵੱਲੋਂ ਹਿੰਸਾ ਵਿੱਚ ਵਾਧਾ ਅਤੇ ਇੱਕ ਬੇਹਾਲ ਸਿਹਤ ਅਤੇ ਸਿੱਖਿਆ ਪ੍ਰਣਾਲੀ ਹਨ।
ਇਸ ਦੌਰਾਨ ਲੋਕਾਂ ਨੂੰ ਬੁਰਜ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦਿਆਂ, ਉਨ੍ਹਾਂ ਨੇ ਇਨ੍ਹਾਂ ਦੇ ਸਾਫ਼-ਸੁਥਰੇ ਅਕਸ, ਬੇਦਾਗ ਇਮਾਨਦਾਰੀ ਅਤੇ ਦਾਦਾ ਜੀ ਤੋਂ ਮਿਲੇ ਪੰਥਕ ਵੰਸ਼ ਦਾ ਜ਼ਿਕਰ ਕੀਤਾ, ਜਿਹੜੇ ਸ਼੍ਰੀ ਦਰਬਾਰ ਸਾਹਿਬ ਵਿੱਚ ਸੇਵਾ ਕਰਦੇ ਸਨ।
Get all latest content delivered to your email a few times a month.