ਤਾਜਾ ਖਬਰਾਂ
ਲੁਧਿਆਣਾ : ਸ਼ਹਿਰ ਦੀ ਮੁੱਖ ਸਰਕੂਲਰ ਰੋਡ 'ਤੇ ਸਥਿਤ ਇੱਕ ਨਾਮੀ ਮੈਡੀਕਲ ਸਟੋਰ ਡਰੱਗ ਵਿਭਾਗ ਦੇ ਨਿਯਮਾਂ ਦੀ ਖੁੱਲ੍ਹੇਆਮ ਉਲੰਘਣਾ ਕਰ ਰਿਹਾ ਹੈ। ਸੂਤਰਾਂ ਅਤੇ ਸਥਾਨਕ ਗਾਹਕਾਂ ਦੇ ਗੰਭੀਰ ਇਲਜ਼ਾਮ ਹਨ ਕਿ ਇਹ ਸਟੋਰ ਲੰਬੇ ਸਮੇਂ ਤੋਂ ਜ਼ਿਆਦਾਤਰ ਦਵਾਈਆਂ ਦੀ ਵਿਕਰੀ ਬਿਨਾਂ ਬਿੱਲ ਦੇ ਕਰ ਰਿਹਾ ਹੈ। ਇਹ ਕਾਰਵਾਈ ਸਿੱਧੇ ਤੌਰ 'ਤੇ ਡਰੱਗ ਐਂਡ ਕਾਸਮੈਟਿਕ ਐਕਟ-1940 ਦੀ ਉਲੰਘਣਾ ਹੈ।
ਨਕਲੀ ਜਾਂ ਐਕਸਪਾਇਰਡ ਦਵਾਈਆਂ ਦਾ ਡਰ
ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਬਿਨਾਂ ਬਿੱਲ ਦਵਾਈਆਂ ਵੇਚਣ ਨਾਲ ਆਮ ਜਨਤਾ ਦੀ ਸਿਹਤ ਨੂੰ ਗੰਭੀਰ ਖ਼ਤਰਾ ਹੈ। ਮਾਹਿਰਾਂ ਅਨੁਸਾਰ, ਜਦੋਂ ਵਿਕਰੀ ਦਾ ਕੋਈ ਰਿਕਾਰਡ ਨਹੀਂ ਹੁੰਦਾ ਤਾਂ ਇਹ ਪਤਾ ਲਗਾਉਣਾ ਅਸੰਭਵ ਹੋ ਜਾਂਦਾ ਹੈ ਕਿ ਗਾਹਕ ਨੂੰ ਦਿੱਤੀ ਗਈ ਦਵਾਈ ਅਸਲੀ ਹੈ ਜਾਂ ਨਕਲੀ। ਇਸ ਨਾਲ ਇਹ ਖਦਸ਼ਾ ਵੱਧ ਜਾਂਦਾ ਹੈ ਕਿ ਵਪਾਰੀ ਵੱਧ ਮੁਨਾਫੇ ਲਈ ਨਕਲੀ ਜਾਂ ਐਕਸਪਾਇਰਡ ਸਟਾਕ ਵੀ ਵੇਚ ਸਕਦੇ ਹਨ।
ਇੱਕ ਸੀਨੀਅਰ ਫਾਰਮਾਸਿਸਟ ਨੇ ਦੱਸਿਆ ਕਿ ਬਿੱਲ ਨਾ ਹੋਣ ਕਾਰਨ ਗਾਹਕ ਕੋਈ ਸ਼ਿਕਾਇਤ ਵੀ ਨਹੀਂ ਕਰ ਸਕਦਾ, ਕਿਉਂਕਿ ਉਸ ਕੋਲ ਕੋਈ ਸਬੂਤ ਨਹੀਂ ਬਚਦਾ।
ਨਿਯਮਾਂ ਦੀ ਅੰਨ੍ਹੇਵਾਹ ਉਲੰਘਣਾ
ਡਰੱਗ ਵਿਭਾਗ ਦੇ ਨਿਯਮਾਂ ਅਨੁਸਾਰ ਹਰ ਵਿਕਰੀ ਦਾ ਬਿੱਲ ਦੇਣਾ ਲਾਜ਼ਮੀ ਹੈ। ਇਸ ਤੋਂ ਇਲਾਵਾ, ਸ਼ੈਡਿਊਲ-ਐੱਚ ਅਤੇ ਸ਼ੈਡਿਊਲ-ਐਕਸ ਦੀਆਂ ਦਵਾਈਆਂ ਸਿਰਫ਼ ਡਾਕਟਰ ਦੀ ਪਰਚੀ (Doctor's Prescription) 'ਤੇ ਹੀ ਦਿੱਤੀਆਂ ਜਾ ਸਕਦੀਆਂ ਹਨ, ਪਰ ਇਹ ਸਟੋਰ ਇਨ੍ਹਾਂ ਸਾਰੇ ਨਿਯਮਾਂ ਦੀ ਖੁੱਲ੍ਹੇਆਮ ਅਣਦੇਖੀ ਕਰ ਰਿਹਾ ਹੈ।
ਸਥਾਨਕ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਜਦੋਂ ਵੀ ਬਿੱਲ ਮੰਗਿਆ ਜਾਂਦਾ ਹੈ, ਤਾਂ ਦੁਕਾਨਦਾਰ ਅਕਸਰ 'ਬਿੱਲ ਬਣਾਉਣ ਵਾਲੀ ਮਸ਼ੀਨ ਖਰਾਬ ਹੋਣ' ਦਾ ਬਹਾਨਾ ਬਣਾਉਂਦਾ ਹੈ। ਇੱਕ ਗਾਹਕ ਔਰਤ ਨੇ ਦੱਸਿਆ ਕਿ ਬਿੱਲ ਦੀ ਥਾਂ ਸਿਰਫ਼ ਲਿਫ਼ਾਫ਼ੇ 'ਤੇ ਰਕਮ ਲਿਖ ਕੇ ਦੇ ਦਿੱਤੀ ਜਾਂਦੀ ਸੀ, ਜਿਸ ਕਾਰਨ ਉਨ੍ਹਾਂ ਨੇ ਉੱਥੋਂ ਦਵਾਈ ਲੈਣੀ ਬੰਦ ਕਰ ਦਿੱਤੀ।
ਮੈਡੀਕਲ ਸਟੋਰ ਸੰਚਾਲਕ ਨਾਲ ਇਸ ਮਾਮਲੇ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
Get all latest content delivered to your email a few times a month.