ਤਾਜਾ ਖਬਰਾਂ
ਸੀਨੀਅਰ ਅਕਾਲੀ ਆਗੂ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਤਰਨ ਤਾਰਨ ਜ਼ਿਮਨੀ ਚੋਣ ਮੁਹਿੰਮ ਦੌਰਾਨ ਆਮ ਆਦਮੀ ਪਾਰਟੀ ’ਤੇ ਤਿੱਖਾ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਅਕਾਲੀ ਦਲ ਦੇ ਉਮੀਦਵਾਰ ਦੀ ਧੀ ਕੰਚਨਪ੍ਰੀਤ ਕੌਰ ਅਤੇ ਹੋਰ ਅਕਾਲੀ ਆਗੂਆਂ ਖਿਲਾਫ਼ ਝੂਠੇ ਕੇਸ ਦਰਜ ਕਰ ਕੇ ਆਪਣੀ ਹਾਰ ਸਵੀਕਾਰ ਕਰ ਲਈ ਹੈ।
ਹਰਸਿਮਰਤ ਕੌਰ ਬਾਦਲ ਅੱਜ ਪਾਰਟੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਛੀਨਾ ਬਿਧੀ ਚੰਦ, ਮਾਹਣੋ ਮੱਲੀਆਂ, ਬੁਰਜ, ਰਾਮ ਰੌਣੀ ਛਿਛਰੇਵਾਲ ਸਮੇਤ ਕਈ ਪਿੰਡਾਂ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੀਆਂ ਸਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ “ਧਰਮੀ ਫੌਜੀ ਦੇ ਪਰਿਵਾਰ” ਦਾ ਸਾਥ ਦੇਣ, ਜੋ ਸੱਚੀ ਸਮਾਜ ਸੇਵਾ ਲਈ ਵਚਨਬੱਧ ਹੈ, ਜਦਕਿ ਦੂਜੇ ਪਾਸੇ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਸਿਰਫ਼ ਸੱਤਾ ਦੀ ਲਾਲਸਾ ਵਿਚ ਪ੍ਰਚਾਰ ਗੱਡੀਆਂ ਨਾਲ ਚਿੱਪਕ ਕੇ ਘੁੰਮ ਰਿਹਾ ਹੈ।
ਅਕਾਲੀ ਨੇਤਾ ਨੇ ਦਿੱਲੀ ਆਧਾਰਿਤ ਪਾਰਟੀਆਂ ’ਤੇ ਵੀ ਤੀਖਾ ਹਮਲਾ ਕਰਦਿਆਂ ਕਿਹਾ ਕਿ “ਸਾਰੀਆਂ ਪਾਰਟੀਆਂ ਅਕਾਲੀ ਦਲ ਦੇ ਵਿਰੁੱਧ ਇਕੱਠੀਆਂ ਹੋ ਚੁੱਕੀਆਂ ਹਨ।” ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਖੇਤਰੀ ਪਾਰਟੀ, ਅਕਾਲੀ ਦਲ ਦੀ ਹਮਾਇਤ ਕਰ ਕੇ ਪੰਜਾਬ ਵਿਰੋਧੀ ਤਾਕਤਾਂ ਨੂੰ ਸਪਸ਼ਟ ਸੰਦੇਸ਼ ਦਿਓ ਜੋ ਸਿਰਫ਼ ਸਿਆਸੀ ਫਾਇਦੇ ਲਈ ਪੰਜਾਬੀਆਂ ਨੂੰ ਵੰਡਣ ’ਤੇ ਤੁਲੀਆਂ ਹੋਈਆਂ ਹਨ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਚੋਣ ਦੀ ਇਹ ਲੜਾਈ ਸੱਚਾਈ ਅਤੇ ਝੂਠ ਵਿਚਾਲੇ ਜੰਗ ਹੈ। ਉਹਨਾਂ ਦੋਸ਼ ਲਗਾਇਆ ਕਿ ਕਾਂਗਰਸ ਅਤੇ ਆਪ ਦੋਵੇਂ ਨੇ ਕਿਸਾਨਾਂ ਅਤੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ। ਕਾਂਗਰਸ ਨੇ ਕਰਜ਼ਾ ਮੁਆਫੀ ਦੇ ਵਾਅਦੇ ਪੂਰੇ ਨਹੀਂ ਕੀਤੇ, ਜਦਕਿ ਆਪ ਸਰਕਾਰ ਨੇ ਨਾ ਤਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਅਤੇ ਨਾ ਹੀ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ।
ਉਨ੍ਹਾਂ ਕਿਹਾ ਕਿ ਤਬਾਹੀ ਭਰੇ ਹੜ੍ਹਾਂ ਦੌਰਾਨ ਸਿਰਫ਼ ਅਕਾਲੀ ਦਲ ਹੀ ਲੋਕਾਂ ਦੀ ਮਦਦ ਲਈ ਅੱਗੇ ਆਇਆ, ਜਿਸ ਨੇ ਇਕ ਲੱਖ ਏਕੜ ਜ਼ਮੀਨ ਲਈ ਸਰਟੀਫਾਈਡ ਬੀਜ ਉਪਲਬਧ ਕਰਵਾਏ।
ਬਠਿੰਡਾ ਦੀ ਐਮਪੀ ਨੇ ਕਿਹਾ ਕਿ ਆਪ ਨੇ ਪੰਜਾਬ ਦੀਆਂ ਔਰਤਾਂ ਨਾਲ ਵੀ ਵਾਅਦੇ ਤੋੜੇ। “ਜਦ ਤੱਕ ਆਪ ਉਮੀਦਵਾਰ ਤੁਹਾਡੇ ਖਾਤਿਆਂ ਵਿੱਚ 45 ਹਜ਼ਾਰ ਰੁਪਏ ਨਹੀਂ ਪਾਉਂਦੇ, ਉਹਨਾਂ ਨੂੰ ਆਪਣੀ ਵੋਟ ਨਾ ਦਿਓ, ਕਿਉਂਕਿ ਚਾਰ ਸਾਲ ਪਹਿਲਾਂ ਇਹਨਾਂ ਨੇ ਹਰ ਔਰਤ ਨੂੰ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ,” ਉਨ੍ਹਾਂ ਕਿਹਾ।
ਸਰਦਾਰਨੀ ਬਾਦਲ ਨੇ ਯਾਦ ਦਵਾਇਆ ਕਿ ਅਕਾਲੀ ਦਲ ਦੀ ਸਰਕਾਰ ਨੇ ਸਰਹੱਦੀ ਇਲਾਕਿਆਂ ਵਿੱਚ ਵਿਕਾਸ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ — ਜਿਵੇਂ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ, ਲਿੰਕ ਸੜਕਾਂ ਦਾ ਨੈਟਵਰਕ, ਮੰਡੀਆਂ ਦਾ ਨਿਰਮਾਣ, ਅਤੇ ਆਟਾ-ਦਾਲ, ਸ਼ਗਨ ਸਕੀਮ ਤੇ ਬੁਢਾਪਾ ਪੈਨਸ਼ਨ ਵਰਗੀਆਂ ਸਮਾਜਕ ਭਲਾਈ ਯੋਜਨਾਵਾਂ। ਮੌਜੂਦਾ ਸਰਕਾਰ ਨੇ, ਉਨ੍ਹਾਂ ਮੁਤਾਬਕ, ਇਹਨਾਂ ਯੋਜਨਾਵਾਂ ’ਚ ਕਟੌਤੀਆਂ ਕਰ ਕੇ ਗਰੀਬਾਂ ਤੇ ਅਣਗੌਲੇ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ।
Get all latest content delivered to your email a few times a month.