ਤਾਜਾ ਖਬਰਾਂ
ਚੰਡੀਗੜ੍ਹ, 27 ਅਕਤੂਬਰ, 2025-
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਪ੍ਰਗਤੀਸ਼ੀਲ ਅਤੇ ਨਿਵੇਸ਼ਕ-ਪੱਖੀ ਨੀਤੀਆਂ ਦਾ ਅਸਰ ਹੁਣ ਜ਼ਮੀਨ 'ਤੇ ਦਿਖਾਈ ਦੇਣ ਲੱਗਾ ਹੈ। ਇਸੇ ਕੜੀ ਵਿੱਚ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨਾਲ ਅੱਜ ਇੱਕ ਉੱਚ-ਪੱਧਰੀ ਜਪਾਨੀ ਵਫ਼ਦ ਨੇ ਮੁਲਾਕਾਤ ਕੀਤੀ ਅਤੇ ਸੂਬੇ ਵਿੱਚ ਵੱਡੇ ਪੱਧਰ 'ਤੇ ਨਿਵੇਸ਼ ਕਰਨ ਦੀ ਡੂੰਘੀ ਇੱਛਾ ਪ੍ਰਗਟਾਈ। ਇਹ ਮੁਲਾਕਾਤ ਪੰਜਾਬ ਦੇ ਸਨਅਤੀ ਵਿਕਾਸ ਅਤੇ ਆਰਥਿਕ ਖੁਸ਼ਹਾਲੀ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਜਪਾਨ ਦੀ ਮੋਹਰੀ ਕੰਪਨੀ ਫਿੱਟ ਫਾਊਂਡਰ ਕੰਪਨੀ ਲਿਮਟਿਡ ਦੇ ਸੀ.ਈ.ਓ. ਸ਼ਿਨਤਾਰੋ ਹਾਚੀਗਾ ਅਤੇ ਸੀ.ਓ.ਓ. ਤਾਕਾਮਾਸਾ ਸੁਜੀ ਨੇ ਸਪੀਕਰ ਸੰਧਵਾਂ ਕੋਲ ਪੰਜਾਬ ਦੇ ਵਿਕਾਸ ਵਿੱਚ ਭਾਈਵਾਲ ਬਣਨ ਦੀ ਮਨਸ਼ਾ ਜ਼ਾਹਰ ਕੀਤੀ। ਸਪੀਕਰ ਸੰਧਵਾਂ ਨੇ ਇਸ ਮੌਕੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਪੰਜਾਬ, ਜੋ ਇਤਿਹਾਸਕ ਤੌਰ 'ਤੇ ਇੱਕ ਖੇਤੀ ਪ੍ਰਧਾਨ ਸੂਬਾ ਰਿਹਾ ਹੈ, ਹੁਣ ਤੇਜ਼ੀ ਨਾਲ ਉਦਯੋਗਿਕ ਖੇਤਰ ਲਈ ਇੱਕ ਉੱਭਰਦੇ ਹੋਏ ਕੇਂਦਰ ਵਜੋਂ ਆਪਣੀ ਪਛਾਣ ਬਣਾ ਰਿਹਾ ਹੈ।
ਸਪੀਕਰ ਸੰਧਵਾਂ ਨੇ ਪੰਜਾਬ ਸਰਕਾਰ ਦੀਆਂ ਨਵੀਆਂ ਸਨਅਤੀ ਨੀਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਉਦਯੋਗਪਤੀਆਂ ਦੀ ਸਹੂਲਤ ਲਈ ਇੱਕ ਬੇਮਿਸਾਲ, ਪਾਰਦਰਸ਼ੀ ਅਤੇ ਭਰੋਸੇਮੰਦ ਨੀਤੀਗਤ ਢਾਂਚਾ ਤਿਆਰ ਕੀਤਾ ਹੈ। ਉਨ੍ਹਾਂ ਖਾਸ ਤੌਰ 'ਤੇ ਸਰਕਾਰ ਦੇ ਨਾਮਵਰ 'ਇਨਵੈਸਟ ਪੰਜਾਬ' ਪਲੇਟਫਾਰਮ ਦਾ ਜ਼ਿਕਰ ਕੀਤਾ, ਜੋ ਨਿਵੇਸ਼ਕਾਂ ਲਈ 'ਸਿੰਗਲ ਵਿੰਡੋ ਪੋਰਟਲ' ਵਜੋਂ ਕੰਮ ਕਰਦਾ ਹੈ। ਇਹ ਇਨਕਲਾਬੀ ਪਹਿਲ ਯਕੀਨੀ ਬਣਾਉਂਦੀ ਹੈ ਕਿ ਨਿਵੇਸ਼ਕ ਸਿਰਫ਼ 45 ਦਿਨਾਂ ਦੇ ਅੰਦਰ ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਪ੍ਰਾਪਤ ਕਰ ਸਕਦੇ ਹਨ। ਇਹ ਤੇਜ਼ ਰਫ਼ਤਾਰ ਅਤੇ ਸਹੂਲਤ ਪੰਜਾਬ ਸਰਕਾਰ ਦੀ ਕਾਰੋਬਾਰ-ਪੱਖੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।
ਸ੍ਰੀ ਸੰਧਵਾਂ ਨੇ ਦ੍ਰਿੜਤਾ ਨਾਲ ਕਿਹਾ ਕਿ ਪੰਜਾਬ ਦੀਆਂ ਕਾਰੋਬਾਰ-ਪੱਖੀ ਨੀਤੀਆਂ ਅਤੇ ਇੱਥੇ ਮੌਜੂਦ ਨਿਵੇਸ਼ ਦੇ ਵਿਆਪਕ ਮੌਕੇ ਵਿਦੇਸ਼ੀ ਨਿਵੇਸ਼ਕਾਂ ਲਈ ਬਹੁਤ ਲਾਭਦਾਇਕ ਸਿੱਧ ਹੋਣਗੇ। ਉਨ੍ਹਾਂ ਵਫ਼ਦ ਨੂੰ 'ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ' ਬਾਰੇ ਵੀ ਦੱਸਿਆ, ਜੋ ਪੰਜਾਬ ਵਿੱਚ ਨਿਵੇਸ਼ ਨੂੰ ਹੋਰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਥਾਨਕ ਅਤੇ ਵਿਦੇਸ਼ੀ ਨਿਵੇਸ਼ਕਾਂ ਨਾਲ ਸਰਕਾਰ ਦੇ ਨਿਰੰਤਰ ਸੰਵਾਦ ਦਾ ਇੱਕ ਪ੍ਰਮੁੱਖ ਮੰਚ ਹੈ।
ਇਹ ਮੀਟਿੰਗ ਦਰਸਾਉਂਦੀ ਹੈ ਕਿ ਪੰਜਾਬ ਸਰਕਾਰ ਦੀਆਂ ਮਜ਼ਬੂਤ ਨੀਤੀਆਂ ਕੌਮਾਂਤਰੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਵਿੱਚ ਸਫਲ ਹੋ ਰਹੀਆਂ ਹਨ। ਜਪਾਨੀ ਕੰਪਨੀਆਂ ਦਾ ਇਹ ਰੁਝਾਨ ਸੂਬੇ ਵਿੱਚ ਰੁਜ਼ਗਾਰ ਸਿਰਜਣ ਅਤੇ ਆਰਥਿਕ ਵਿਕਾਸ ਦੇ ਇੱਕ ਨਵੇਂ ਯੁੱਗ ਦਾ ਆਗਾਜ਼ ਕਰੇਗਾ, ਜਿਸ ਨਾਲ ਪੰਜਾਬ ਸਹੀ ਮਾਇਨਿਆਂ ਵਿੱਚ 'ਰੰਗਲਾ ਪੰਜਾਬ' ਵੱਲ ਵਧੇਗਾ।
Get all latest content delivered to your email a few times a month.