ਤਾਜਾ ਖਬਰਾਂ
ਚੰਡੀਗੜ੍ਹ, 28 ਅਕਤੂਬਰ-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸੈਮੀਨਾਰ ਦੀ ਇਜਾਜ਼ਤ ਰੱਦ ਕੀਤੇ ਜਾਣ 'ਤੇ ਆਮ ਆਦਮੀ ਪਾਰਟੀ (AAP) ਨੇ ਕੇਂਦਰ ਦੀ ਬੀਜੇਪੀ ਸਰਕਾਰ 'ਤੇ ਸਿੱਧਾ ਅਤੇ ਤਿੱਖਾ ਹਮਲਾ ਬੋਲਿਆ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ 'ਆਪ' ਦੇ ਸੂਬਾ ਜਨਰਲ ਸਕੱਤਰ ਮਲਵਿੰਦਰ ਸਿੰਘ ਕੰਗ ਨੇ ਇਸ ਨੂੰ "ਬੇਹੱਦ ਮੰਦਭਾਗਾ" ਅਤੇ "ਦੁੱਖਦਾਈ" ਕਰਾਰ ਦਿੰਦਿਆਂ ਕਿਹਾ ਕਿ ਬੀਜੇਪੀ ਪੰਜਾਬ ਦੇ ਇਤਿਹਾਸ ਅਤੇ ਵਿਰਾਸਤ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਸੰਸਦ ਮੈਂਬਰ ਕੰਗ ਨੇ ਸਾਫ਼ ਤੌਰ 'ਤੇ ਦੋਸ਼ ਲਾਇਆ ਹੈ ਕਿ ਇਹ ਫੈਸਲਾ ਸੰਸਥਾ ਪ੍ਰਸ਼ਾਸਨ ਵੱਲੋਂ ਦਿੱਲੀ ਵਿੱਚ ਬੈਠੇ ਆਪਣੇ "ਆਕਾਵਾਂ" (ਕੇਂਦਰ ਸਰਕਾਰ) ਦੇ ਰਾਜਨੀਤਿਕ ਦਬਾਅ ਹੇਠ ਲਿਆ ਗਿਆ ਹੈ। ਉਨ੍ਹਾਂ ਨੇ ਚੁਣੌਤੀ ਦਿੰਦਿਆਂ ਪੁੱਛਿਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਬਲੀਦਾਨ 'ਤੇ ਚਰਚਾ ਤੋਂ ਡਰ ਕਿਉਂ ਲੱਗਦਾ ਹੈ?
ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਦੋ ਵਾਰ ਵਿਦਿਆਰਥੀ ਪ੍ਰੀਸ਼ਦ ਦੇ ਪ੍ਰਧਾਨ ਰਹਿ ਚੁੱਕੇ ਸੰਸਦ ਮੈਂਬਰ ਕੰਗ ਨੇ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕੇਵਲ ਸਿੱਖ ਕੌਮ ਲਈ ਹੀ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਬੇਮਿਸਾਲ ਅਤੇ ਲਾ-ਮਿਸਾਲ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਿਰਫ਼ ਧਰਮ ਦੀ ਰੱਖਿਆ ਲਈ ਨਹੀਂ, ਸਗੋਂ ਇਸ ਦੇਸ਼ ਦੀ ਸੱਭਿਅਤਾ ਅਤੇ ਮਨੁੱਖਤਾ ਨੂੰ ਬਚਾਉਣ ਲਈ ਆਪਣਾ ਸਰਬੰਸ ਵਾਰ ਦਿੱਤਾ।
ਉਨ੍ਹਾਂ ਦੋਸ਼ ਲਾਇਆ, "ਮੈਨੂੰ ਪਤਾ ਹੈ ਕਿ ਵਾਈਸ ਚਾਂਸਲਰ (VC) 'ਤੇ ਦਿੱਲੀ ਤੋਂ ਦਬਾਅ ਹੈ। ਕੇਂਦਰ ਦੀ ਬੀਜੇਪੀ ਸਰਕਾਰ ਨਹੀਂ ਚਾਹੁੰਦੀ ਕਿ 'ਹਿੰਦ ਦੀ ਚਾਦਰ' ਦੀ ਗੌਰਵਸ਼ਾਲੀ ਵਿਰਾਸਤ ਅਤੇ ਇਤਿਹਾਸ ਸਾਡੀ ਨੌਜਵਾਨ ਪੀੜ੍ਹੀ ਤੱਕ ਪਹੁੰਚੇ।" ਉਨ੍ਹਾਂ ਨੇ ਇਸ ਕਾਰਵਾਈ ਨੂੰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਹਟਾਏ ਜਾਣ ਵਰਗੀਆਂ ਘਟਨਾਵਾਂ ਦੀ ਇੱਕ ਲੜੀ ਦਾ ਹਿੱਸਾ ਦੱਸਿਆ, ਜਿਸ ਦਾ ਮਕਸਦ ਸਿਰਫ਼ ਪੰਜਾਬ ਦੇ ਨੌਜਵਾਨਾਂ ਅਤੇ ਸਿੱਖ ਵਿਰਾਸਤ ਦੀ ਆਵਾਜ਼ ਨੂੰ ਦਬਾਉਣਾ ਹੈ।
ਸੰਸਦ ਮੈਂਬਰ ਕੰਗ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਦਿਆਰਥੀਆਂ ਤੋਂ ਜਾਣਕਾਰੀ ਮਿਲੀ ਹੈ ਕਿ ਪ੍ਰਸ਼ਾਸਨ ਨੇ 27 ਅਕਤੂਬਰ ਨੂੰ ਹੋਣ ਵਾਲੇ ਇਸ ਸੈਮੀਨਾਰ ਦੀ ਇਜਾਜ਼ਤ ਪ੍ਰਸਿੱਧ ਸਿੱਖ ਵਿਦਵਾਨ ਅਤੇ ਚਿੰਤਕ ਸਰਦਾਰ ਅਜਮੇਰ ਸਿੰਘ ਦੀ ਸ਼ਮੂਲੀਅਤ ਕਾਰਨ ਰੱਦ ਕੀਤੀ ਹੈ, ਜਿਨ੍ਹਾਂ ਨੂੰ 'ਵਿਵਾਦਿਤ' ਕਿਹਾ ਜਾ ਰਿਹਾ ਹੈ।
ਕੰਗ ਨੇ ਇਸ ਤਰਕ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਸਰਦਾਰ ਅਜਮੇਰ ਸਿੰਘ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਜਨਤਕ ਜੀਵਨ ਵਿੱਚ ਹਨ, ਉਨ੍ਹਾਂ 'ਤੇ ਕੋਈ ਕੇਸ ਦਰਜ ਨਹੀਂ ਹੈ ਅਤੇ ਉਹ ਦੇਸ਼-ਵਿਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਬੋਲਦੇ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ, "ਉਨ੍ਹਾਂ ਨੂੰ ਰੋਕਣਾ ਸਿੱਧੇ ਤੌਰ 'ਤੇ ਅਕਾਦਮਿਕ ਸੁਤੰਤਰਤਾ 'ਤੇ ਹਮਲਾ ਹੈ।"
ਸੰਸਦ ਮੈਂਬਰ ਮਲਵਿੰਦਰ ਕੰਗ ਨੇ ਇਸ ਸਬੰਧ ਵਿੱਚ ਵਾਈਸ ਚਾਂਸਲਰ ਪ੍ਰੋ. ਰੇਨੂ ਵਿਗ ਨੂੰ ਇੱਕ ਪੱਤਰ ਲਿਖ ਕੇ ਤੁਰੰਤ ਦਖਲ ਦੇਣ ਅਤੇ ਸੈਮੀਨਾਰ ਦੀ ਇਜਾਜ਼ਤ ਬਹਾਲ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਰੂ ਸਾਹਿਬ ਦਾ ਇਹ ਇਤਿਹਾਸ ਤਾਂ ਸਾਡੇ ਸਿਲੇਬਸ ਦਾ ਹਿੱਸਾ ਹੋਣਾ ਚਾਹੀਦਾ ਹੈ, ਤਾਂ ਜੋ ਨੌਜਵਾਨ ਇਸ ਤੋਂ ਪ੍ਰੇਰਣਾ ਲੈ ਕੇ ਬਿਹਤਰ ਭਵਿੱਖ ਦੀ ਸਿਰਜਣਾ ਕਰ ਸਕਣ। ਉਨ੍ਹਾਂ ਨੇ ਵਾਈਸ ਚਾਂਸਲਰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਰਾਜਨੀਤਿਕ ਦਬਾਅ ਦੇ ਸਾਹਮਣੇ ਨਾ ਝੁਕਣ ਅਤੇ ਵਿਦਿਆਰਥੀਆਂ ਨੂੰ ਸੈਮੀਨਾਰ ਦੀ ਇਜਾਜ਼ਤ ਦੇਣ, ਕਿਉਂਕਿ ਪੂਰੀ ਦੁਨੀਆ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਮੰਨਦੀ ਹੈ। ਪੰਜਾਬ ਦੀ 'ਆਪ' ਸਰਕਾਰ ਆਪਣੀ ਵਿਰਾਸਤ ਅਤੇ ਨੌਜਵਾਨਾਂ ਦੀ ਆਵਾਜ਼ ਦੀ ਰੱਖਿਆ ਲਈ ਵਚਨਬੱਧ ਹੈ।
Get all latest content delivered to your email a few times a month.