ਤਾਜਾ ਖਬਰਾਂ
"ਉਮਰ ਸਿਰਫ਼ ਇੱਕ ਅੰਕੜਾ ਹੈ" – ਇਸ ਕਹਾਵਤ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਸੱਚ ਸਾਬਤ ਕਰ ਦਿੱਤਾ ਹੈ। ਆਈਸੀਸੀ (ICC) ਦੀ ਤਾਜ਼ਾ ਰੈਂਕਿੰਗ ਅਨੁਸਾਰ, 38 ਸਾਲ ਦੀ ਉਮਰ ਵਿੱਚ ਰੋਹਿਤ ਸ਼ਰਮਾ ਵਨਡੇ ਕ੍ਰਿਕਟ ਵਿੱਚ ਦੁਨੀਆ ਦੇ ਨੰਬਰ ਵਨ ਬੱਲੇਬਾਜ਼ ਬਣ ਗਏ ਹਨ।
ਰੋਹਿਤ ਨੇ ਇਹ ਮੁਕਾਮ ਹਾਸਲ ਕਰਕੇ ਇੱਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਉਹ ਆਈਸੀਸੀ ਵਨਡੇ ਰੈਂਕਿੰਗ ਵਿੱਚ ਸਭ ਤੋਂ ਵੱਧ ਉਮਰ ਵਿੱਚ ਨੰਬਰ ਵਨ ਬੱਲੇਬਾਜ਼ ਬਣਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਰੋਹਿਤ ਨੇ 38 ਸਾਲ ਅਤੇ 182 ਦਿਨ ਦੀ ਉਮਰ ਵਿੱਚ ਇਹ ਉਪਲਬਧੀ ਹਾਸਲ ਕੀਤੀ ਹੈ।
ਆਸਟ੍ਰੇਲੀਆ ਸੀਰੀਜ਼ ਦਾ ਮਿਲਿਆ ਫਲ, ਗਿੱਲ ਨੂੰ ਪਛਾੜਿਆ
ਰੋਹਿਤ ਸ਼ਰਮਾ ਨੂੰ ਇਹ ਰੈਂਕ ਹਾਲ ਹੀ ਵਿੱਚ ਆਸਟ੍ਰੇਲੀਆ ਦੇ ਖਿਲਾਫ ਵਨਡੇ ਸੀਰੀਜ਼ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਹੈ। ਇਸ ਸੀਰੀਜ਼ ਦੇ ਆਖਰੀ ਮੈਚ ਵਿੱਚ ਉਨ੍ਹਾਂ ਨੇ ਸੈਂਕੜੇ ਵਾਲੀ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦਿਵਾਈ ਸੀ। ਹਿੱਟ ਮੈਨ ਨੇ ਸੀਰੀਜ਼ ਵਿੱਚ 101 ਦੀ ਸ਼ਾਨਦਾਰ ਔਸਤ ਨਾਲ ਕੁੱਲ 202 ਦੌੜਾਂ ਬਣਾਈਆਂ ਸਨ।
ਰੋਹਿਤ ਸ਼ਰਮਾ 781 ਰੇਟਿੰਗ ਪੁਆਇੰਟ ਨਾਲ ਸਾਬਕਾ ਨੰਬਰ ਵਨ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਪਛਾੜ ਕੇ ਸਿਖਰ 'ਤੇ ਪਹੁੰਚੇ ਹਨ। ਇਹ ਰੋਹਿਤ ਦੇ ਕਰੀਅਰ ਵਿੱਚ ਪਹਿਲੀ ਵਾਰ ਹੈ ਜਦੋਂ ਉਹ ਵਨਡੇ ਵਿੱਚ ਨੰਬਰ ਵਨ ਦੀ ਰੈਂਕ 'ਤੇ ਪਹੁੰਚੇ ਹਨ।
ਭਾਰਤ ਦੇ ਪੰਜਵੇਂ ਬੱਲੇਬਾਜ਼
ਰੋਹਿਤ ਸ਼ਰਮਾ ਭਾਰਤ ਦੇ ਅਜਿਹੇ ਪੰਜਵੇਂ ਬੱਲੇਬਾਜ਼ ਹਨ ਜਿਨ੍ਹਾਂ ਨੇ ਆਈਸੀਸੀ ਵਨਡੇ ਰੈਂਕਿੰਗ ਵਿੱਚ ਨੰਬਰ ਵਨ ਰੈਂਕ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਇਹ ਮੁਕਾਮ ਹਾਸਲ ਕਰ ਚੁੱਕੇ ਹਨ।
ਰਿਕਾਰਡ ਦੀ ਗੱਲ ਕਰੀਏ ਤਾਂ ਰੋਹਿਤ ਨੇ ਹੁਣ ਤੱਕ 276 ਵਨਡੇ ਮੈਚਾਂ ਵਿੱਚ 49.22 ਦੀ ਔਸਤ ਨਾਲ 11,370 ਦੌੜਾਂ ਬਣਾਈਆਂ ਹਨ, ਜਿਸ ਵਿੱਚ 33 ਸੈਂਕੜੇ ਅਤੇ 59 ਅਰਧ-ਸੈਂਕੜੇ ਸ਼ਾਮਲ ਹਨ।
ਦ ਇੰਡੀਅਨ ਐਕਸਪ੍ਰੈਸ ਅਨੁਸਾਰ, ਇਸ ਉਮਰ ਵਿੱਚ ਟੌਪ ਰੈਂਕ 'ਤੇ ਪਹੁੰਚਣ ਵਾਲੇ ਸਚਿਨ ਤੇਂਦੁਲਕਰ ਤੋਂ ਬਾਅਦ ਰੋਹਿਤ ਦੁਨੀਆ ਦੇ ਦੂਜੇ ਖਿਡਾਰੀ ਬਣੇ ਹਨ।
ਆਈਸੀਸੀ ਵਨਡੇ ਰੈਂਕਿੰਗ (ਟੌਪ 10): ਰੋਹਿਤ ਸ਼ਰਮਾ (781) ਨੇ ਇਬਰਾਹਿਮ ਜ਼ਾਦਰਾਨ (764), ਸ਼ੁਭਮਨ ਗਿੱਲ (745), ਬਾਬਰ ਆਜ਼ਮ (739) ਅਤੇ ਵਿਰਾਟ ਕੋਹਲੀ (725) ਵਰਗੇ ਖਿਡਾਰੀਆਂ ਨੂੰ ਪਿੱਛੇ ਛੱਡਿਆ ਹੈ।
Get all latest content delivered to your email a few times a month.