ਤਾਜਾ ਖਬਰਾਂ
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ, ਨਾਂਦੇੜ ਵਿਖੇ ਤਿੰਨ ਰੋਜ਼ਾ ਵਿਸ਼ਾਲ ਗੁਰਮਤਿ ਸਮਾਗਮ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ। ਇਹ ਸਮਾਗਮ ਬੁੱਢਾ ਦਲ ਦੇ ਸਥਾਪਨਾ ਦਿਵਸ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਗੱਦੀ ਦਿਵਸ ਨੂੰ ਸਮਰਪਿਤ ਸੀ।
ਇਹ ਸਮਾਗਮ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਹੇਠ ਹੋਇਆ, ਜਿਸ ਵਿੱਚ ਤਿੰਨੋਂ ਤਖ਼ਤਾਂ — ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰਾਂ ਸਮੇਤ ਵੱਖ-ਵੱਖ ਨਿਹੰਗ ਸਿੰਘ ਦਲਾਂ, ਸੰਪਰਦਾਵਾਂ ਅਤੇ ਸੰਤ ਮਹਾਂਪੁਰਖਾਂ ਨੇ ਭਾਗ ਲਿਆ।
ਸਮਾਗਮ ਦੀ ਸਮਾਪਤੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਮਹਾਨ ਕੀਰਤਨ ਦਰਬਾਰ ਨਾਲ ਹੋਈ। ਇਸ ਦਰਬਾਰ ਵਿੱਚ ਹਜ਼ੂਰ ਸਾਹਿਬ ਦੇ ਪ੍ਰਸਿੱਧ ਰਾਗੀ ਜਥਿਆਂ - ਭਾਈ ਬਲਬੀਰ ਸਿੰਘ (ਚੰਡੀਗੜ੍ਹ ਵਾਲੇ), ਭਾਈ ਗੁਰਵਿੰਦਰ ਸਿੰਘ (ਰੁਦ੍ਰਪੁਰ ਵਾਲੇ), ਭਾਈ ਦਯਾ ਸਿੰਘ ਅਤੇ ਭਾਈ ਸਾਹਿਬ ਸਿੰਘ ਹਜ਼ੂਰੀ ਰਾਗੀ - ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਸੁਖਵਿੰਦਰ ਸਿੰਘ ਨੇ ਕਥਾ ਰਾਹੀਂ ਗੁਰੂ ਸਾਹਿਬਾਨ ਦੇ ਜੀਵਨ ਤੇ ਕੁਰਬਾਨੀ ਬਾਰੇ ਪ੍ਰੇਰਕ ਵਿਚਾਰ ਪ੍ਰਗਟ ਕੀਤੇ।
ਸਮਾਗਮ ਦੌਰਾਨ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੁੱਢਾ ਦਲ ਦਾ ਇਤਿਹਾਸ ਸਿੱਖ ਧਰਮ ਵਿੱਚ ਸੁਨਹਿਰੀ ਅੱਖਰਾਂ ਨਾਲ ਦਰਜ ਹੈ। ਉਨ੍ਹਾਂ ਨੇ ਕਿਹਾ ਕਿ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਪੰਥ ਲਈ ਬੇਹੱਦ ਸ਼ਲਾਘਾਯੋਗ ਕਾਰਜ ਕਰ ਰਹੇ ਹਨ। ਉਨ੍ਹਾਂ ਸੰਗਤਾਂ ਨੂੰ ਅੰਮ੍ਰਿਤਧਾਰੀ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਬੁੱਢਾ ਦਲ ਦੀ ਸੇਵਾ ਤੇ ਬਲਿਦਾਨਾਂ ਨੂੰ ਹਰ ਸਿੱਖ ਵਿਦਿਆਰਥੀ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।
ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਆਪਣੇ ਸੰਬੋਧਨ ਵਿੱਚ ਅਕਾਲੀ ਫੂਲਾ ਸਿੰਘ ਜੀ ਦੇ ਅਦਮ੍ਯ ਸਾਹਸ ਤੇ ਧਰਮ-ਨਿਸ਼ਠਾ ਦਾ ਵਿਸਤਾਰ ਨਾਲ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਤੌਰ ‘ਤੇ ਅਕਾਲੀ ਫੂਲਾ ਸਿੰਘ ਨੇ ਕਿਸੇ ਵੀ ਦੁਨਿਆਵੀ ਅਧਿਕਾਰੀ ਤੋਂ ਡਰਨਾ ਕਬੂਲ ਨਹੀਂ ਕੀਤਾ ਅਤੇ ਧਾਰਮਿਕ ਨਿਆਂ ਲਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸੰਗਤ ਅੱਗੇ ਤਾੜਨਾ ਦਿੱਤੀ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਧਰਮ ਦੀ ਚਾਦਰ ਬਚਾਈ ਅਤੇ ਉਨ੍ਹਾਂ ਦੀ ਕੁਰਬਾਨੀ ਸਦਕਾ ਹੀ ਭਾਰਤ ਦਾ ਸੱਭਿਆਚਾਰ ਜਿਉਂਦਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਬੁੱਢਾ ਦਲ ਦੇ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਵੀ ਕਰਵਾਏ ਗਏ।
ਸਟੇਜ ਦੀ ਸੇਵਾ ਬਾਬਾ ਵਿਨੋਦ ਸਿੰਘ ਨੇ ਨਿਭਾਈ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ. ਹਰਮੀਤ ਸਿੰਘ ਕਾਲਕਾ (ਪ੍ਰਧਾਨ ਦਿੱਲੀ ਕਮੇਟੀ), ਭਾਈ ਕਸ਼ਮੀਰ ਸਿੰਘ (ਹੈੱਡ ਗ੍ਰੰਥੀ), ਭਾਈ ਗੁਰਮੀਤ ਸਿੰਘ ਮੀਤ, ਸਿੰਘ ਸਾਹਿਬ ਗਿਆਨੀ ਰਾਮ ਸਿੰਘ, ਬਾਬਾ ਜੋਤਇੰਦਰ ਸਿੰਘ, ਸ. ਇੰਦਰਪਾਲ ਸਿੰਘ ਫੌਜੀ, ਸ. ਰਵਿੰਦਰ ਸਿੰਘ ਬੁੰਗਈ, ਸ. ਹਰਜੀਤ ਸਿੰਘ ਕੜੇਵਾਲੇ ਅਤੇ ਹੋਰ ਕਈ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।
ਬਾਬਾ ਬਲਬੀਰ ਸਿੰਘ ਨੇ ਸਮਾਗਮ ਦੀ ਸਫਲਤਾ ਲਈ ਸੰਗਤਾਂ, ਸੰਤ ਮਹਾਂਪੁਰਸ਼ਾਂ, ਪ੍ਰਬੰਧਕ ਬੋਰਡ ਮੈਂਬਰਾਂ ਅਤੇ ਹਜ਼ੂਰ ਸਾਹਿਬ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ ਅਤੇ ਕੌਮਕ ਏਕਤਾ ਤੇ ਅੰਮ੍ਰਿਤਧਾਰਤਾ ਦੇ ਸੰਦੇਸ਼ ਨੂੰ ਅਗਾਂਹ ਵਧਾਉਣ ਦੀ ਅਪੀਲ ਕੀਤੀ।
Get all latest content delivered to your email a few times a month.