ਤਾਜਾ ਖਬਰਾਂ
ਅਮ੍ਰਿਤਸਰ ਤੋਂ ਇੱਕ ਮਹੱਤਵਪੂਰਨ ਧਾਰਮਿਕ ਖ਼ਬਰ ਸਾਹਮਣੇ ਆਈ ਹੈ। ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਨਾਲ ਸੇਵਾ ਨਿਭਾ ਰਹੇ ਪ੍ਰਸਿੱਧ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਐਸ.ਜੀ.ਪੀ.ਸੀ. (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਉਨ੍ਹਾਂ ਨੂੰ ਹੁਣ ਸ੍ਰੀ ਮੁਕਤਸਰ ਸਾਹਿਬ ਗ੍ਰੰਥੀ ਸਿੰਘ ਵਜੋਂ ਨਵੀਂ ਜਗ੍ਹਾ ਤਾਇਨਾਤ ਕੀਤਾ ਹੈ।
ਜਾਣਕਾਰੀ ਮੁਤਾਬਕ, ਗਿਆਨੀ ਸੁਲਤਾਨ ਸਿੰਘ ਨੇ ਬੀਤੇ ਦਿਨੀ ਇੱਕ ਧਾਰਮਿਕ ਸਮਾਗਮ ਦੌਰਾਨ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਨਾਲ ਜੱਫੀ ਪਾਈ ਸੀ। ਇਹ ਮੰਜ਼ਰ ਸਮਾਗਮ ਦੌਰਾਨ ਮੌਜੂਦ ਲੋਕਾਂ ਵੱਲੋਂ ਮੋਬਾਈਲ 'ਤੇ ਰਿਕਾਰਡ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਗਿਆ, ਜਿਸ ਤੋਂ ਬਾਅਦ ਇਸ ਘਟਨਾ ਨੇ ਚਰਚਾ ਦਾ ਰੂਪ ਧਾਰ ਲਿਆ।
ਸੋਸ਼ਲ ਮੀਡੀਆ ‘ਤੇ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਐਸ.ਜੀ.ਪੀ.ਸੀ. ਨੇ ਤੁਰੰਤ ਕਾਰਵਾਈ ਕਰਦਿਆਂ ਗਿਆਨੀ ਸੁਲਤਾਨ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਹਟਾ ਦਿੱਤਾ ਅਤੇ ਉਨ੍ਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਭੇਜ ਦਿੱਤਾ।
ਇਹ ਵੀ ਯਾਦ ਰਹੇ ਕਿ ਗਿਆਨੀ ਸੁਲਤਾਨ ਸਿੰਘ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਹਨ। ਉਹ ਸਿੱਖ ਧਾਰਮਿਕ ਪ੍ਰਬੰਧ ਅਤੇ ਸੇਵਾਵਾਂ ਨਾਲ ਕਈ ਸਾਲਾਂ ਤੋਂ ਜੁੜੇ ਹੋਏ ਹਨ। ਪਿਛਲੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੇ ਆਗੂਆਂ ਖ਼ਿਲਾਫ਼ ਧਾਰਮਿਕ ਕਾਰਵਾਈ ਦੇ ਮਾਮਲੇ ‘ਚ, ਗਿਆਨੀ ਸੁਲਤਾਨ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਗਿਆ ਸੀ। ਉਸ ਸਮੇਂ ਵੀ ਉਹ ਚਰਚਾ ਦਾ ਕੇਂਦਰ ਰਹੇ ਸਨ।
ਇਸ ਵਾਰ ਵੀ ਉਨ੍ਹਾਂ ਦਾ ਤਬਾਦਲਾ ਧਾਰਮਿਕ ਤੇ ਸੰਗਠਨਕ ਮੰਡਲਾਂ ਵਿੱਚ ਨਵੀਂ ਗੱਲਬਾਤ ਨੂੰ ਜਨਮ ਦੇ ਰਿਹਾ ਹੈ।
Get all latest content delivered to your email a few times a month.