ਤਾਜਾ ਖਬਰਾਂ
ਅੰਮ੍ਰਿਤਸਰ ਜ਼ਿਲ੍ਹੇ ਦੇ ਰਾਜਾ ਸਾਂਸੀ ਇਲਾਕੇ ਦੇ ਪਿੰਡ ਧਾਰੀਵਾਲ ਵਿੱਚ ਇਕ ਬਹੁਤ ਹੀ ਦੁਖਦਾਈ ਤੇ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਟਲੀ ਵਿੱਚ ਰਹਿੰਦਾ 42 ਸਾਲਾ ਮਲਕੀਤ ਸਿੰਘ, ਜੋ ਕੁਝ ਸਮੇਂ ਲਈ ਆਪਣੇ ਪਰਿਵਾਰ ਨੂੰ ਮਿਲਣ ਲਈ ਵਤਨ ਵਾਪਸ ਆਇਆ ਸੀ, ਦਾ ਖੇਤਾਂ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਲਕੀਤ ਆਪਣੇ ਪਿਤਾ ਸੁਰਜੀਤ ਸਿੰਘ ਅਤੇ ਦੋਸਤ ਸੁਖਬੀਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਸੀ, ਜਦੋਂ ਪਿੰਡ ਦਾ ਹੀ ਵਿਕਰਮ ਆਪਣੇ ਇੱਕ ਸਾਥੀ ਨਾਲ ਮੌਕੇ 'ਤੇ ਪਹੁੰਚਿਆ ਅਤੇ ਬੇਦਰਦੀ ਨਾਲ ਮਲਕੀਤ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
ਗੋਲੀਆਂ ਲੱਗਣ ਤੋਂ ਬਾਅਦ ਮਲਕੀਤ ਜ਼ਖ਼ਮੀ ਹਾਲਤ ਵਿੱਚ ਆਪਣੀ ਮਾਂ ਨੂੰ ਫੋਨ ਕਰਕੇ ਆਖਰੀ ਵਾਰ ਕਹਿ ਗਿਆ, “ਮੈਨੂੰ ਵਿਕਰਮ ਨੇ ਗੋਲੀਆਂ ਮਾਰ ਦਿੱਤੀਆਂ, ਮੈਨੂੰ ਬਚਾ ਲਓ।” ਇਹ ਸੁਣ ਕੇ ਪਰਿਵਾਰ ਹੱਕਾ-ਬੱਕਾ ਰਹਿ ਗਿਆ। ਕੁਝ ਮਿੰਟਾਂ ਵਿੱਚ ਹੀ ਉਸ ਦੀ ਮੌਤ ਹੋ ਗਈ। ਪਰਿਵਾਰ ਅਨੁਸਾਰ ਮਲਕੀਤ ਇਟਲੀ ਵਿੱਚ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਛੁੱਟੀਆਂ ਦੌਰਾਨ ਖੇਤੀਬਾੜੀ ਵਿੱਚ ਸਹਾਇਤਾ ਕਰਨ ਲਈ ਘਰ ਆਇਆ ਹੋਇਆ ਸੀ।
ਮ੍ਰਿਤਕ ਦੀ ਭੈਣ ਪਲਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਵਿਕਰਮ ਪਿੰਡ ਦਾ ਬਦਮਾਸ਼ ਕਿਸਮ ਦਾ ਵਿਅਕਤੀ ਹੈ, ਜੋ ਪਹਿਲਾਂ ਵੀ ਬੰਬ ਧਮਾਕੇ ਦੇ ਮਾਮਲੇ ਵਿੱਚ ਨਾਮਜ਼ਦ ਰਹਿ ਚੁੱਕਾ ਹੈ ਅਤੇ ਕੁਝ ਹੀ ਸਮਾਂ ਪਹਿਲਾਂ ਜ਼ਮਾਨਤ 'ਤੇ ਬਾਹਰ ਆਇਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਅਤੇ ਇਹ ਕਤਲ ਪੂਰੀ ਤਰ੍ਹਾਂ ਸਾਜ਼ਿਸ਼ ਅਧੀਨ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਮਲਕੀਤ ਦੇ ਪਿਤਾ ਸੁਰਜੀਤ ਸਿੰਘ ਦੇ ਬਿਆਨ 'ਤੇ ਵਿਕਰਮ ਸਿੰਘ ਵਾਸੀ ਧਾਰੀਵਾਲ ਟੋਕਾਂ ਅਤੇ ਉਸਦੇ ਸਾਥੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮੌਕੇ ਤੋਂ 10 ਤੋਂ ਵੱਧ ਖਾਲੀ ਖੋਲ਼ ਬਰਾਮਦ ਕੀਤੇ ਗਏ ਹਨ। ਹਾਲਾਂਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ, ਪਰ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੇਜ਼ੀ ਨਾਲ ਜਾਰੀ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ।
ਇਸ ਹੱਤਿਆ ਨੇ ਪੂਰੇ ਪਿੰਡ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ। ਸੈਂਕੜੇ ਪਿੰਡਵਾਸੀ ਪਰਿਵਾਰ ਦੇ ਨਾਲ ਖੜੇ ਹਨ ਅਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਇਸ ਤਰ੍ਹਾਂ ਦੀ ਘਟਨਾ ਮੁੜ ਨਾ ਵਾਪਰੇ।
Get all latest content delivered to your email a few times a month.