ਤਾਜਾ ਖਬਰਾਂ
ਚੰਡੀਗੜ੍ਹ ਨਗਰ ਨਿਗਮ ਦੀ ਅੱਜ ਹੋਈ ਮੀਟਿੰਗ ਇੱਕ ਵਾਰ ਫਿਰ ਹੰਗਾਮੇ ਦੀ ਭੇਟ ਚੜ੍ਹ ਗਈ। ਨੀਂਹ ਪੱਥਰ ਦੀਆਂ ਪਲੇਟਾਂ 'ਤੇ ਨਾਮ ਲਿਖਣ ਦੇ ਮਾਮਲੇ ਤੋਂ ਸ਼ੁਰੂ ਹੋਈ ਬਹਿਸ ਨੇ ਅਜਿਹਾ ਰੂਪ ਲਿਆ ਕਿ ਭਾਜਪਾ ਅਤੇ ਕਾਂਗਰਸ ਦੇ ਕੌਂਸਲਰ ਆਪਸ ਵਿੱਚ ਭਿੜ ਪਏ।
ਨੀਂਹ ਪੱਥਰ ਦੀ ਪਲੇਟ ਤੋਂ ਸ਼ੁਰੂ ਹੋਇਆ ਵਿਵਾਦ
ਮੀਟਿੰਗ ਵਿੱਚ ਹੰਗਾਮੇ ਦੀ ਸ਼ੁਰੂਆਤ ਭਾਜਪਾ ਕੌਂਸਲਰ ਗੁਰਬਖ਼ਸ਼ ਰਾਵਤ ਵੱਲੋਂ ਚੁੱਕੇ ਗਏ ਇੱਕ ਮੁੱਦੇ ਤੋਂ ਹੋਈ। ਉਨ੍ਹਾਂ ਕਿਹਾ ਕਿ ਨੀਂਹ ਪੱਥਰ ਦੀਆਂ ਪਲੇਟਾਂ 'ਤੇ ਮੇਅਰ, ਡਿਪਟੀ ਮੇਅਰ ਅਤੇ ਕੌਂਸਲਰਾਂ ਦੇ ਨਾਮ ਲਿਖੇ ਜਾਂਦੇ ਹਨ, ਪਰ ਉਨ੍ਹਾਂ ਦੇ ਵਾਰਡ ਵਿੱਚ ਲਗਾਏ ਗਏ ਪੋਲ 'ਤੇ ਉਨ੍ਹਾਂ ਦਾ ਨਾਮ ਗਾਇਬ ਹੈ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਅਜਿਹੇ ਪ੍ਰੋਗਰਾਮਾਂ ਵਿੱਚ ਕੌਂਸਲਰਾਂ ਨੂੰ ਸ਼ਾਮਲ ਹੋਣ ਦਾ ਸੱਦਾ ਤੱਕ ਨਹੀਂ ਦਿੱਤਾ ਜਾਂਦਾ।
ਇਸ ਦੌਰਾਨ ਗੱਲ ਨਿੱਜੀ ਦੋਸ਼ਾਂ ਅਤੇ ਸਿਆਸੀ ਹਮਲਿਆਂ ਤੱਕ ਪਹੁੰਚ ਗਈ।
ਸਾਂਸਦ ਦਾ ਜ਼ਿਕਰ ਆਉਂਦਿਆਂ ਭੜਕੀ ਕੁਰਸੀ ਜੰਗ
ਭਾਜਪਾ ਕੌਂਸਲਰ ਸੌਰਭ ਜੋਸ਼ੀ ਨੇ ਮੁੱਦੇ ਨੂੰ ਅੱਗੇ ਵਧਾਉਂਦੇ ਹੋਏ ਸਾਂਸਦ ਮਨੀਸ਼ ਤਿਵਾੜੀ ਨੂੰ ਨਿਸ਼ਾਨਾ ਬਣਾਇਆ। ਜੋਸ਼ੀ ਨੇ ਇੱਕ ਨੇਮ ਪਲੇਟ ਚੁੱਕ ਕੇ ਵਿਅੰਗ ਕਰਦੇ ਹੋਏ ਕਿਹਾ ਕਿ ਸਾਂਸਦ ਸਾਹਿਬ ਚੰਡੀਗੜ੍ਹ ਵਿੱਚ ਰਹਿੰਦੇ ਕਿੱਥੇ ਹਨ, ਉਹ ਤਾਂ "ਸ਼ਨੀਵਾਰ-ਐਤਵਾਰ ਵਾਲੇ ਸਾਂਸਦ" ਹਨ।
ਇਸ 'ਤੇ ਕਾਂਗਰਸ ਦੇ ਕੌਂਸਲਰ ਸਚਿਨ ਗਾਲਿਬ ਗੁੱਸੇ 'ਚ ਆ ਗਏ। ਦੋਵੇਂ ਕੌਂਸਲਰ ਆਪਣੀਆਂ ਕੁਰਸੀਆਂ ਤੋਂ ਉੱਠ ਕੇ ਇੱਕ-ਦੂਜੇ ਵੱਲ ਵਧੇ ਅਤੇ ਜ਼ੋਰਦਾਰ ਬਹਿਸ ਸ਼ੁਰੂ ਕਰ ਦਿੱਤੀ, ਜੋ ਦੇਖਦੇ ਹੀ ਦੇਖਦੇ ਧੱਕਾ-ਮੁੱਕੀ ਅਤੇ ਝੜੱਪ ਵਿੱਚ ਬਦਲ ਗਈ। ਮਾਹੌਲ ਇੰਨਾ ਭੱਖ ਗਿਆ ਕਿ ਸਦਨ ਵਿੱਚ ਮੌਜੂਦ ਬਾਕੀ ਕੌਂਸਲਰਾਂ ਨੂੰ ਵਿਚ-ਬਚਾਅ ਕਰਨਾ ਪਿਆ ਅਤੇ ਦੋਵਾਂ ਨੂੰ ਸ਼ਾਂਤ ਕਰਵਾਇਆ ਗਿਆ।
ਹੋਰ ਮੁੱਦਿਆਂ 'ਤੇ ਵੀ ਰਹੀ ਗਰਮਾ-ਗਰਮੀ
ਇਸ ਤੋਂ ਪਹਿਲਾਂ ਵੀ ਮੀਟਿੰਗ ਵਿੱਚ ਕਈ ਮੁੱਦਿਆਂ 'ਤੇ ਤਿੱਖੀ ਬਹਿਸ ਹੋਈ। ਸੀਨੀਅਰ ਡਿਪਟੀ ਮੇਅਰ ਜਸਬੀਰ ਬੰਟੀ ਨੇ ਟੇਬਲ ਏਜੰਡੇ 'ਤੇ ਸਵਾਲ ਚੁੱਕੇ। ਉੱਥੇ ਹੀ, ਕੌਂਸਲਰ ਪ੍ਰੇਮ ਲਤਾ ਨੇ ਕਮਿਊਨਿਟੀ ਸੈਂਟਰਾਂ ਦੀ ਬੁਕਿੰਗ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਘਾਟ ਦਾ ਮੁੱਦਾ ਚੁੱਕਿਆ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਸਿੱਧੀ ਬਹਿਸ ਮੇਅਰ ਹਰਪ੍ਰੀਤ ਬਬਲਾ ਨਾਲ ਵੀ ਹੋ ਗਈ, ਜਿਸ ਨਾਲ ਮੀਟਿੰਗ ਵਿੱਚ ਕਾਫੀ ਤਣਾਅ ਬਣਿਆ ਰਿਹਾ।
ਇਸ ਹੰਗਾਮੇ ਨੇ ਇੱਕ ਵਾਰ ਫਿਰ ਸਿਆਸੀ ਪਾਰਟੀਆਂ ਵਿਚਕਾਰ ਨਿੱਜੀ ਦੋਸ਼ਬਾਜ਼ੀ ਅਤੇ ਨਿਗਮ ਸਦਨ ਦੀ ਮਾਣ-ਮਰਿਆਦਾ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ।
Get all latest content delivered to your email a few times a month.