ਤਾਜਾ ਖਬਰਾਂ
                
52 ਸਾਲਾਂ ਦਾ ਲੰਬਾ ਇੰਤਜ਼ਾਰ ਐਤਵਾਰ ਰਾਤ ਖ਼ਤਮ ਹੋ ਗਿਆ, ਜਦੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ICC ਵਨਡੇ ਵਿਸ਼ਵ ਕੱਪ (ODI World Cup) ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਫਾਈਨਲ ਮੁਕਾਬਲੇ ਵਿੱਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਸਾਊਥ ਅਫਰੀਕਾ ਨੂੰ 52 ਦੌੜਾਂ ਨਾਲ ਹਰਾਕੇ ਸਿਰਫ਼ ਟੂਰਨਾਮੈਂਟ ਨਹੀਂ ਜਿੱਤਿਆ, ਸਗੋਂ ਭਾਰਤੀ ਮਹਿਲਾ ਕ੍ਰਿਕਟ ਦੀ ਇੱਕ ਨਵੀਂ ਇਤਿਹਾਸਕ ਕਹਾਣੀ ਲਿਖੀ। ਪੂਰੇ ਦੇਸ਼ ਵਿੱਚ ਇਸ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਲੋਕ ਮਹਿਲਾ ਖਿਡਾਰਨਾਂ ਦੀ ਹਿੰਮਤ ਤੇ ਹੁਨਰ ਨੂੰ ਸਲਾਮ ਕਰ ਰਹੇ ਹਨ।
ਇਸ ਇਤਿਹਾਸਕ ਮੌਕੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੀਆਂ “ਪੰਜਾਬ ਦੀਆਂ ਸ਼ੇਰਨੀਆਂ” ਨੂੰ ਖਾਸ ਅੰਦਾਜ਼ ਵਿੱਚ ਵਧਾਈ ਦਿੱਤੀ। CM ਮਾਨ ਨੇ ਮੈਚ ਤੋਂ ਤੁਰੰਤ ਬਾਅਦ ਪੰਜਾਬ ਦੀਆਂ ਤਿੰਨ ਚੈਂਪੀਅਨ ਖਿਡਾਰਨਾਂ—ਕਪਤਾਨ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਅਤੇ ਹਰਲੀਨ ਦਿਓਲ—ਨਾਲ ਵੀਡੀਓ ਕਾਲ ਕਰਕੇ ਗੱਲਬਾਤ ਕੀਤੀ। ਉਨ੍ਹਾਂ ਨੇ ਖਿਡਾਰਨਾਂ ਨੂੰ ਕਿਹਾ ਕਿ “ਤੁਸੀਂ ਪੰਜਾਬ ਦੀਆਂ ਧੀਆਂ ਹੀ ਨਹੀਂ, ਸਗੋਂ ਪੂਰੀ ਦੁਨੀਆ ਦੀਆਂ ਪ੍ਰੇਰਣਾ ਸਰੋਤ ਬਣ ਗਈਆਂ ਹੋ।” ਉਨ੍ਹਾਂ ਐਲਾਨ ਕੀਤਾ ਕਿ ਜਦੋਂ ਇਹ ਧੀਆਂ ਵਾਪਸ ਪੰਜਾਬ ਆਉਣਗੀਆਂ, ਤਾਂ ਉਨ੍ਹਾਂ ਦਾ “ਅੱਖਾਂ ‘ਤੇ ਬਿਠਾ ਕੇ ਸਵਾਗਤ ਕੀਤਾ ਜਾਵੇਗਾ।”
ਗੱਲਬਾਤ ਦੌਰਾਨ CM ਮਾਨ ਨੇ ਆਪਣੇ ਆਪ ਨੂੰ ਕ੍ਰਿਕਟ ਪ੍ਰੇਮੀ ਦੱਸਦਿਆਂ ਮੈਚ ਦੇ ਕਈ ਮਹੱਤਵਪੂਰਨ ਪਲਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਹਰਮਨਪ੍ਰੀਤ ਕੌਰ ਨੂੰ ਕਿਹਾ ਕਿ “ਤੁਸੀਂ ਸਹੀ ਵੇਲੇ ਜੋ ਕੈਚ ਫੜਿਆ ਸੀ, ਉਹ ਮੈਚ ਦਾ ਟਰਨਿੰਗ ਪਾਇੰਟ ਸੀ—ਉਸ ਨਾਲ ਹੀ ਇਤਿਹਾਸ ਬਣ ਗਿਆ।” ਇਸੇ ਤਰ੍ਹਾਂ ਅਮਨਜੋਤ ਕੌਰ ਦੀ ਸ਼ਾਨਦਾਰ ਫੀਲਡਿੰਗ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ, “ਜੋ ਸਾਊਥ ਅਫਰੀਕਾ ਦੀ ਕਪਤਾਨ ਦਾ ਕੈਚ ਤੁਸੀਂ ਫੜਿਆ ਸੀ, ਉਹ ਸਿਰਫ਼ ਕੈਚ ਨਹੀਂ ਸੀ, ਉਹ ਟਰਾਫੀ ਸੀ!”
CM ਮਾਨ ਨੇ ਤਿੰਨਾਂ ਖਿਡਾਰਨਾਂ ਦੀ ਉਪਲਬਧੀ ਨੂੰ ਪੰਜਾਬ ਲਈ ਮਾਣ ਦਾ ਵਿਸ਼ਾ ਦੱਸਦਿਆਂ ਕਿਹਾ ਕਿ ਇਨ੍ਹਾਂ ਧੀਆਂ ਨੇ ਆਪਣੇ ਮਾਪਿਆਂ ਹੀ ਨਹੀਂ, ਸਗੋਂ ਪੂਰੇ ਪੰਜਾਬ ਦਾ ਨਾਮ ਵਿਸ਼ਵ ਪੱਧਰ ‘ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਮਨਪ੍ਰੀਤ, ਅਮਨਜੋਤ ਅਤੇ ਹਰਲੀਨ ਨੇ ਇਹ ਸਾਬਤ ਕੀਤਾ ਹੈ ਕਿ ਜੇ ਹੌਸਲੇ ਉੱਚੇ ਹੋਣ ਤਾਂ ਕੋਈ ਮੰਜ਼ਿਲ ਦੂਰ ਨਹੀਂ ਰਹਿੰਦੀ।
                
            Get all latest content delivered to your email a few times a month.