ਤਾਜਾ ਖਬਰਾਂ
ਪੰਜਾਬ ਦੀ ਸਿਆਸਤ ਅਤੇ ਅਮਨ-ਕਾਨੂੰਨ ਲਈ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਨੀਅਰ ਕਾਂਗਰਸੀ ਆਗੂ ਰਾਜਬੀਰ ਸਿੰਘ ਭੁੱਲਰ ਨੂੰ ਉਨ੍ਹਾਂ ਦੇ ਪਰਿਵਾਰ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।
ਇਸ ਘਟਨਾ ਤੋਂ ਬਾਅਦ ਤਰਨਤਾਰਨ ਵਿੱਚ, ਭਗੌੜੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਸਮੇਤ ਕੁੱਲ 3 ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਇਹ ਧਮਕੀਆਂ ਹਾਲ ਹੀ ਵਿੱਚ ਰਾਜਾ ਵੜਿੰਗ ਵੱਲੋਂ ਚੋਣ ਪ੍ਰਚਾਰ ਦੌਰਾਨ ਗੈਂਗਸਟਰਾਂ ਦੀਆਂ ਕਾਰਵਾਈਆਂ 'ਤੇ ਉਠਾਏ ਗਏ ਸਵਾਲਾਂ ਨਾਲ ਜੋੜੀਆਂ ਜਾ ਰਹੀਆਂ ਹਨ।
ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ 'ਤੇ ਧਮਕੀ
ਸੀਨੀਅਰ ਕਾਂਗਰਸੀ ਆਗੂ ਰਾਜਬੀਰ ਸਿੰਘ ਭੁੱਲਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 31 ਅਕਤੂਬਰ ਨੂੰ ਉਨ੍ਹਾਂ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ। ਇਸ ਕਾਲ ਵਿੱਚ ਉਨ੍ਹਾਂ ਨੂੰ ਅਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਖ਼ਤਮ ਕਰਨ ਦੀ ਸਿੱਧੀ ਧਮਕੀ ਦਿੱਤੀ ਗਈ।
ਭੁੱਲਰ ਨੇ ਅੱਗੇ ਜਾਣਕਾਰੀ ਦਿੱਤੀ ਕਿ ਉਸੇ ਦਿਨ ਬਾਅਦ ਵਿੱਚ ਇੱਕ ਵੌਇਸ ਸੁਨੇਹਾ ਵੀ ਪ੍ਰਾਪਤ ਹੋਇਆ, ਜਿਸ ਵਿੱਚ ਕਿਹਾ ਗਿਆ ਸੀ ਕਿ ਰਾਜਾ ਵੜਿੰਗ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ ਰਾਜਵੀਰ ਭੁੱਲਰ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਘਟਨਾ ਤੋਂ ਬਾਅਦ ਰਾਜਬੀਰ ਭੁੱਲਰ ਨੇ ਤਰਨਤਾਰਨ ਦੇ ਐਸਐਸਪੀ ਨੂੰ ਤੁਰੰਤ ਸ਼ਿਕਾਇਤ ਕੀਤੀ ਅਤੇ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।
ਕੌਣ ਹੈ ਹਰਵਿੰਦਰ ਸਿੰਘ ਰਿੰਦਾ?
ਧਮਕੀ ਦੇਣ ਵਾਲੇ ਮੁੱਖ ਦੋਸ਼ੀਆਂ ਵਿੱਚੋਂ ਇੱਕ ਹਰਵਿੰਦਰ ਸਿੰਘ ਰਿੰਦਾ ਪੰਜਾਬ ਦੇ ਤਰਨਤਾਰਨ ਨਾਲ ਸਬੰਧਤ ਹੈ। ਉਹ ਪਿਛਲੇ ਕੁਝ ਸਮੇਂ ਤੋਂ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿੱਚ ਰਹਿ ਰਿਹਾ ਸੀ। ਜਾਂਚ ਏਜੰਸੀਆਂ ਅਨੁਸਾਰ, ਰਿੰਦਾ ਇਸ ਸਮੇਂ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਨੇਪਾਲ ਦੇ ਰਸਤੇ ਪਾਕਿਸਤਾਨ ਵਿੱਚ ਲੁਕਿਆ ਹੋਇਆ ਹੈ।
ਰਿੰਦਾ ਦਾ ਅਪਰਾਧਿਕ ਇਤਿਹਾਸ ਕਾਫੀ ਪੁਰਾਣਾ ਹੈ। ਸਤੰਬਰ 2011 ਵਿੱਚ ਤਰਨਤਾਰਨ ਵਿੱਚ ਇੱਕ ਨੌਜਵਾਨ ਦੀ ਹੱਤਿਆ ਦੇ ਦੋਸ਼ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪੰਜਾਬ ਦੇ ਇੱਕ ਪ੍ਰਮੁੱਖ ਸਿਆਸੀ ਆਗੂ ਨੂੰ ਸਿੱਧੀ ਧਮਕੀ ਮਿਲਣ ਕਾਰਨ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਹਨ।
Get all latest content delivered to your email a few times a month.