ਤਾਜਾ ਖਬਰਾਂ
ਅੰਮ੍ਰਿਤਸਰ: ਇੱਥੋਂ ਦੇ ਵੱਲਾ ਬਾਈਪਾਸ ਸਥਿਤ ਇੱਕ ਰਿਜ਼ੋਰਟ ਵਿਖੇ ਸ਼ਗਨ ਸਮਾਰੋਹ ਦੌਰਾਨ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਵਿਆਹ ਵਾਲੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਮਾਯੂਸੀ ਵਿੱਚ ਬਦਲ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਚੋਰ ਸ਼ਰੇਆਮ ਪ੍ਰੋਗਰਾਮ ਵਿੱਚ ਘੁੰਮਦੇ ਰਹੇ ਅਤੇ ਮੌਕਾ ਮਿਲਦਿਆਂ ਹੀ ਸ਼ਗਨ ਦੇ ਪੈਸਿਆਂ ਅਤੇ ਗਹਿਣਿਆਂ ਵਾਲਾ ਬੈਗ ਚੁੱਕ ਕੇ ਫਰਾਰ ਹੋ ਗਏ।
ਇਸ ਘਟਨਾ ਨੇ ਜਿੱਥੇ ਚੋਰਾਂ ਦੇ ਹੌਸਲੇ ਬੁਲੰਦ ਹੋਣ ਦਾ ਪ੍ਰਮਾਣ ਦਿੱਤਾ ਹੈ, ਉੱਥੇ ਹੀ ਸਮੁੱਚਾ ਵਾਕਿਆ ਰਿਜ਼ੋਰਟ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ।
ਸਮਾਰੋਹ 'ਚ ਘੁੰਮਦੇ ਰਹੇ ਚੋਰ
ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਨੌਜਵਾਨ ਸ਼ਗਨ ਸਮਾਰੋਹ ਵਿੱਚ ਸ਼ਾਮਲ ਹੋਏ ਸਨ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਚੋਰ ਮੌਕਾ ਭਾਲ ਰਹੇ ਸਨ। ਜਦੋਂ ਉਨ੍ਹਾਂ ਨੂੰ ਮੌਕਾ ਮਿਲਿਆ, ਤਾਂ ਉਹ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ।
ਸੂਤਰਾਂ ਦੇ ਹਵਾਲੇ ਤੋਂ ਵੱਡਾ ਖੁਲਾਸਾ ਹੋਇਆ ਹੈ ਕਿ ਚੋਰੀ ਹੋਏ ਬੈਗ ਵਿੱਚ ਤਿੰਨ ਤੋਂ ਚਾਰ ਸੋਨੇ ਦੀਆਂ ਮੁੰਦਰੀਆਂ ਅਤੇ ਛੇ ਤੋਂ ਸੱਤ ਲੱਖ ਰੁਪਏ ਦੀ ਨਕਦੀ (ਸ਼ਗਨ ਦੀ ਰਕਮ) ਇਕੱਠੀ ਹੋਈ ਸੀ। ਚੋਰ ਇਹ ਵੱਡਾ ਨੁਕਸਾਨ ਕਰਕੇ ਫਰਾਰ ਹੋ ਗਏ ਹਨ।
ਪਰਿਵਾਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ
ਘਟਨਾ ਤੋਂ ਤੁਰੰਤ ਬਾਅਦ ਦੋਵਾਂ ਪਰਿਵਾਰਾਂ ਵੱਲੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੂੰ ਸੀਸੀਟੀਵੀ ਫੁਟੇਜ ਵੀ ਸੌਂਪੀ ਗਈ ਹੈ, ਜਿਸ ਵਿੱਚ ਦੋਸ਼ੀ ਸਪੱਸ਼ਟ ਰੂਪ ਵਿੱਚ ਦਿਖਾਈ ਦੇ ਰਹੇ ਹਨ। ਪੀੜਤ ਪਰਿਵਾਰ ਨੇ ਪੁਲਿਸ ਕੋਲ ਜਲਦੀ ਤੋਂ ਜਲਦੀ ਚੋਰਾਂ ਨੂੰ ਫੜਨ ਦੀ ਅਪੀਲ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.