ਤਾਜਾ ਖਬਰਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿੱਚ ਆਰੰਭ ਕੀਤਾ ਗਿਆ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਸ਼ੁਰੂ ਹੋ ਕੇ ਹੁਣ ਤਰਨ ਤਾਰਨ ਜ਼ਿਲ੍ਹੇ ਤੱਕ ਪਹੁੰਚ ਗਿਆ ਹੈ। ਅੱਜ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਤੋਂ ਆਪਣੇ ਅਗਲੇ ਪੜਾਅ — ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਛੇਹਰਟਾ, ਅੰਮ੍ਰਿਤਸਰ ਵੱਲ ਰਵਾਨਾ ਹੋਇਆ।
ਇਸ ਧਾਰਮਿਕ ਸਮਾਗਮ ਦੇ ਮੌਕੇ ਤਰਨ ਤਾਰਨ ਵਿਖੇ ਸਜੇ ਵਿਸ਼ਾਲ ਦੀਵਾਨ ਵਿਚ ਸੰਗਤਾਂ ਦੀ ਵੱਡੀ ਗਿਣਤੀ ਹਾਜ਼ਰ ਹੋਈ। ਰਾਗੀ ਜਥਿਆਂ ਵੱਲੋਂ ਸੁਰੀਲੀ ਗੁਰਬਾਣੀ ਕੀਰਤਨ ਦੀ ਰਸਧਾਰ ਵਗਾਈ ਗਈ ਜਦਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਸੰਬੰਧਤ ਇਤਿਹਾਸਕ ਪ੍ਰਸੰਗ ਸੰਗਤਾਂ ਨਾਲ ਸਾਂਝੇ ਕੀਤੇ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਂ ਨਾਲ ਜੁੜੇ ਇਹ ਸ਼ਤਾਬਦੀ ਸਮਾਗਮ ਸਿੱਖ ਕੌਮ ਦੀ ਰੂਹਾਨੀ ਵਿਰਾਸਤ ਦੇ ਜੀਵੰਤ ਪ੍ਰਤੀਕ ਹਨ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਸਾਰੇ ਪਰਿਵਾਰ ਸਮੇਤ 23 ਤੋਂ 29 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਕੇਂਦਰੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਗੁਰੂ ਘਰ ਦੀ ਬਰਕਤ ਹਾਸਲ ਕਰਨ।
ਨਗਰ ਕੀਰਤਨ ਦੀ ਰਵਾਨਗੀ ਸਮੇਂ ਪਾਲਕੀ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਸ਼ਸ਼ੋਭਿਤ ਕੀਤਾ ਗਿਆ। ਰਸਤੇ ਵਿਚ ਵੱਖ-ਵੱਖ ਪੜਾਅ ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਗੁਰਮਤਿ ਪ੍ਰੇਮ ਨਾਲ ਸਵਾਗਤ ਕੀਤਾ ਗਿਆ ਅਤੇ ਸੇਵਾ-ਭਾਵਨਾ ਨਾਲ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ ਗਿਆ।
ਇਸ ਮੌਕੇ ਦਲ ਬਾਬਾ ਬਿਧੀ ਚੰਦ ਸੰਪਰਦਾ ਦੇ ਮੁੱਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਗੁਰਬਚਨ ਸਿੰਘ ਕਰਮੂੰਵਾਲਾ, ਬਲਵਿੰਦਰ ਸਿੰਘ ਵੇਈਂਪੂਈਂ, ਬੀਬੀ ਹਰਜਿੰਦਰ ਕੌਰ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਤਰਨ ਤਾਰਨ ਤੋਂ ਅਕਾਲੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ, ਧਰਮ ਪ੍ਰਚਾਰ ਕਮੇਟੀ ਦੇ ਅਧਿਕਾਰੀ ਅਤੇ ਕਈ ਹੋਰ ਪ੍ਰਮੁੱਖ ਸਿੱਖ ਆਗੂ ਹਾਜ਼ਰ ਸਨ। ਸੰਗਤਾਂ ਦੇ ਉਤਸ਼ਾਹ ਅਤੇ ਸਮਰਪਣ ਭਾਵ ਨਾਲ ਤਰਨ ਤਾਰਨ ਦਾ ਇਹ ਧਾਰਮਿਕ ਪੈਗਾਮ ਗੁਰੂ ਘਰ ਪ੍ਰਤੀ ਗਹਿਰੇ ਵਿਸ਼ਵਾਸ ਦੀ ਨਵੀਂ ਮਿਸਾਲ ਬਣਿਆ।
Get all latest content delivered to your email a few times a month.