ਤਾਜਾ ਖਬਰਾਂ
ਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ, ਜੋ ਕਈ ਵਾਰ ਨੋਬਲ ਸ਼ਾਂਤੀ ਪੁਰਸਕਾਰ ਦੀ ਇੱਛਾ ਜ਼ਾਹਰ ਕਰ ਚੁੱਕੇ ਹਨ, ਨੂੰ ਵਿਸ਼ਵ ਫੁੱਟਬਾਲ ਦੀ ਪ੍ਰਬੰਧਕ ਸੰਸਥਾ (FIFA) ਵੱਲੋਂ ਇੱਕ ਨਿਵੇਕਲੇ ਸਨਮਾਨ ਨਾਲ ਨਵਾਜਿਆ ਗਿਆ ਹੈ। ਫੀਫਾ ਨੇ ਆਪਣੇ ਨਵੇਂ ਸਥਾਪਿਤ ਕੀਤੇ ਗਏ 'ਫੀਫਾ ਸ਼ਾਂਤੀ ਪੁਰਸਕਾਰ' ਦਾ ਪਹਿਲਾ ਜੇਤੂ ਟਰੰਪ ਨੂੰ ਐਲਾਨਿਆ ਹੈ। ਇਹ ਪੁਰਸਕਾਰ ਖੇਡਾਂ ਦੇ ਖੇਤਰ ਤੋਂ ਬਾਹਰ ਜਾ ਕੇ ਵਿਸ਼ਵ ਸ਼ਾਂਤੀ ਦੇ ਯਤਨਾਂ ਨੂੰ ਮਾਨਤਾ ਦੇਣ ਲਈ ਬਣਾਇਆ ਗਿਆ ਹੈ।
ਫੀਫਾ ਨੇ ਕਿਉਂ ਚੁਣਿਆ ਟਰੰਪ ਨੂੰ?
ਫੀਫਾ ਪ੍ਰਧਾਨ ਗਿਆਨੀ ਇਨਫੈਂਟੀਨੋ, ਜਿਨ੍ਹਾਂ ਨੂੰ ਟਰੰਪ ਦਾ ਖਾਸ ਦੋਸਤ ਮੰਨਿਆ ਜਾਂਦਾ ਹੈ, ਨੇ ਪੁਰਸਕਾਰ ਦੇਣ ਦਾ ਫੈਸਲਾ ਲਿਆ। ਇਨਫੈਂਟੀਨੋ ਨੇ ਇਸ ਤੋਂ ਪਹਿਲਾਂ ਵੀ ਜਨਤਕ ਤੌਰ 'ਤੇ ਕਿਹਾ ਸੀ ਕਿ ਟਰੰਪ ਗਾਜ਼ਾ ਸੰਘਰਸ਼ ਵਿੱਚ ਜੰਗਬੰਦੀ ਕਰਵਾਉਣ ਲਈ ਨੋਬਲ ਸ਼ਾਂਤੀ ਪੁਰਸਕਾਰ ਦੇ ਹੱਕਦਾਰ ਹਨ।
ਟਰੰਪ ਨੂੰ ਇਹ ਪੁਰਸਕਾਰ ਉਨ੍ਹਾਂ ਦੇ "ਦੁਨੀਆ ਵਿੱਚ ਸ਼ਾਂਤੀ ਅਤੇ ਏਕਤਾ ਨੂੰ ਉਤਸ਼ਾਹਿਤ ਕਰਨ ਵਿੱਚ ਪਾਏ ਯੋਗਦਾਨ" ਲਈ ਦਿੱਤਾ ਗਿਆ ਹੈ। ਇਹ ਐਲਾਨ ਅਗਲੇ ਫੀਫਾ ਵਿਸ਼ਵ ਕੱਪ ਦੀਆਂ ਤਿਆਰੀਆਂ ਨਾਲ ਸਬੰਧਤ ਇੱਕ ਸਮਾਗਮ ਦੌਰਾਨ ਕੀਤਾ ਗਿਆ।
ਟਰਾਫੀ ਤੇ ਸਰਟੀਫਿਕੇਟ ਭੇਟ
ਸਮਾਗਮ ਵਿੱਚ ਅਮਰੀਕੀ ਰਾਸ਼ਟਰਪਤੀ ਦਾ ਸਵਾਗਤ ਕਰਦਿਆਂ ਗਿਆਨੀ ਇਨਫੈਂਟੀਨੋ ਨੇ ਟਰੰਪ ਨੂੰ ਸਨਮਾਨ ਭੇਟ ਕੀਤਾ। ਉਨ੍ਹਾਂ ਨੇ ਇੱਕ ਸੁੰਦਰ ਸੋਨੇ ਦਾ ਤਗਮਾ ਟਰੰਪ ਨੂੰ ਪਹਿਨਾਇਆ ਅਤੇ ਕਿਹਾ, "ਇਹ ਤੁਹਾਡੇ ਲਈ ਇੱਕ ਸੁੰਦਰ ਤਗਮਾ ਹੈ, ਜਿਸਨੂੰ ਤੁਸੀਂ ਜਿੱਥੇ ਚਾਹੋ ਪਹਿਨ ਸਕਦੇ ਹੋ।" ਟਰੰਪ ਨੇ ਤੁਰੰਤ ਇਸਨੂੰ ਗਲੇ ਵਿੱਚ ਪਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ।
ਇਸ ਤੋਂ ਇਲਾਵਾ, ਟਰੰਪ ਨੂੰ ਇੱਕ ਪ੍ਰਸ਼ੰਸਾ ਪੱਤਰ (ਸਰਟੀਫਿਕੇਟ) ਅਤੇ ਉਨ੍ਹਾਂ ਦੇ ਨਾਮ ਨਾਲ ਉੱਕਰੀ ਇੱਕ ਸੋਨੇ ਦੀ ਟਰਾਫੀ ਵੀ ਦਿੱਤੀ ਗਈ। ਇਨਫੈਂਟੀਨੋ ਨੇ ਕਿਹਾ, "ਤੁਸੀਂ ਆਪਣੀਆਂ ਕੋਸ਼ਿਸ਼ਾਂ ਅਤੇ ਪ੍ਰਾਪਤੀਆਂ ਲਈ ਇਸ ਸ਼ਾਂਤੀ ਪੁਰਸਕਾਰ ਦੇ ਸੱਚਮੁੱਚ ਯੋਗ ਹੋ।"
ਟਰੰਪ ਨੇ ਕਿਹਾ, 'ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ'
ਫੀਫਾ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਡੋਨਾਲਡ ਟਰੰਪ ਕਾਫੀ ਉਤਸ਼ਾਹਿਤ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਇਹ ਸਨਮਾਨ "ਮੇਰੀ ਜ਼ਿੰਦਗੀ ਦੇ ਸਭ ਤੋਂ ਵੱਡੇ ਸਨਮਾਨਾਂ ਵਿੱਚੋਂ ਇੱਕ ਹੈ।"
ਉਨ੍ਹਾਂ ਨੇ ਇਸ ਮੌਕੇ ਆਪਣੇ ਪਰਿਵਾਰ, ਖਾਸ ਕਰਕੇ ਪਤਨੀ ਮੇਲਾਨੀਆ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਅਗਲੇ ਵਿਸ਼ਵ ਕੱਪ ਦੇ ਸਹਿ-ਮੇਜ਼ਬਾਨ ਦੇਸ਼ਾਂ ਕੈਨੇਡਾ ਅਤੇ ਮੈਕਸੀਕੋ ਦੇ ਨੇਤਾਵਾਂ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਤਿੰਨਾਂ ਦੇਸ਼ਾਂ ਲਈ ਇੱਕ ਮਹਾਨ ਸਫਲਤਾ ਦਾ ਪ੍ਰੋਜੈਕਟ ਸਾਬਤ ਹੋਵੇਗਾ।
Get all latest content delivered to your email a few times a month.