ਤਾਜਾ ਖਬਰਾਂ
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350ਵੇਂ ਸ਼ਹੀਦੀ ਸ਼ਤਾਬਦੀ ਮੌਕੇ ਨਾਗਪੁਰ ਵਿੱਚ ਆਯੋਜਿਤ ਧਾਰਮਿਕ ਸਮਾਗਮ ਦੌਰਾਨ ਇੱਕ ਅਨੋਖੀ ਸਥਿਤੀ ਬਣੀ, ਜਦੋਂ ਇੰਡੀਗੋ ਏਅਰਲਾਈਨਜ਼ ਦੀਆਂ ਉਡਾਣਾਂ ਰੱਦ ਹੋਣ ਕਾਰਨ ਰਾਗੀ ਸਿੰਘਾਂ ਦਾ ਜਥਾ ਸਮੇਂ ਸਿਰ ਨਾਗਪੁਰ ਨਹੀਂ ਪਹੁੰਚ ਸਕਿਆ। ਅੰਮ੍ਰਿਤਸਰ ਤੋਂ ਸੜਕ ਰਾਹੀਂ ਦਿੱਲੀ ਤੱਕ ਪਹੁੰਚੇ ਰਾਗੀ ਸਿੰਘ ਜਦੋਂ ਹਵਾਈ ਯਾਤਰਾ ਕਰਨ ਲੱਗੇ ਤਾਂ ਉਡਾਣ ਬੰਦ ਹੋਣ ਕਰਕੇ ਉਹ ਫਸ ਗਏ। ਇਧਰ ਨਾਗਪੁਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤ ਗੁਰਬਾਣੀ ਕੀਰਤਨ ਸੁਣਨ ਲਈ ਇਕੱਠੀ ਹੋ ਚੁੱਕੀ ਸੀ।
ਇਸ ਸਥਿਤੀ ਨੂੰ ਦੇਖਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਨਿੱਜੀ ਦਖਲ ਦਿੰਦੇ ਹੋਏ ਤੁਰੰਤ ਰਾਜ ਸਰਕਾਰ ਦਾ ਚਾਰਟਰ ਜਹਾਜ਼ ਭੇਜਣ ਦਾ ਹੁਕਮ ਦਿੱਤਾ। ਇਸ ਫੈਸਲੇ ਨਾਲ ਰਾਗੀ ਭਾਈ ਕਰਨੈਲ ਸਿੰਘ, ਭਾਈ ਜਗਤਾਰ ਸਿੰਘ, ਭਾਈ ਮਨਪ੍ਰੀਤ ਸਿੰਘ ਕਾਨਪੁਰੀ ਅਤੇ ਭਾਈ ਅਮਰਜੀਤ ਸਿੰਘ ਪਟਿਆਲਾ ਵਾਲੇ ਨੂੰ ਦਿੱਲੀ ਤੋਂ ਨਾਗਪੁਰ ਲਿਆਂਦਾ ਗਿਆ, ਤਾਂ ਜੋ ਸੰਗਤ ਨੂੰ ਗੁਰੂ ਬਾਣੀ ਦੇ ਕੀਰਤਨ ਦਾ ਪੂਰਾ ਅਨੰਦ ਮਿਲ ਸਕੇ। ਮੁੱਖ ਮੰਤਰੀ ਦੇ ਇਸ ਤੁਰੰਤ ਕਦਮ ਨੇ ਦੇਸ਼ ਭਰ ਦਾ ਧਿਆਨ ਆਪਣੇ ਵੱਲ ਖਿੱਚਿਆ।
ਇਹ ਸ਼ਹੀਦੀ ਸ਼ਤਾਬਦੀ ਸਮਾਰੋਹ ਲਈ ਮਹਾਰਾਸ਼ਟਰ ਸਰਕਾਰ ਅਤੇ ਸਿੱਖ ਸੰਗਤ ਵੱਲੋਂ ਤਿੰਨ ਵੱਡੇ ਸਮਾਗਮ ਰੱਖੇ ਗਏ ਹਨ। ਪਹਿਲਾ ਸਮਾਗਮ 7 ਦਸੰਬਰ 2025 ਨੂੰ ਨਾਗਪੁਰ ਵਿੱਚ ਹੋਇਆ, ਜਿਸ ਵਿੱਚ ਲੱਖਾਂ ਸ਼ਰਧਾਲੂਆਂ ਨੇ "ਹਿੰਦ ਦੀ ਚਾਦਰ" ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਨੂੰ ਨਮਨ ਕੀਤਾ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਮੇਤ ਕਈ ਪ੍ਰਮੁੱਖ ਹਸਤੀਆਂ ਨੇ ਹਾਜ਼ਰੀ ਭਰੀ। ਅਗਲੇ ਦੋ ਸਮਾਗਮ ਵੀ ਵੱਡੇ ਪੱਧਰ 'ਤੇ ਮਨਾਏ ਜਾਣਗੇ।
Get all latest content delivered to your email a few times a month.