ਤਾਜਾ ਖਬਰਾਂ
ਅਰੁਣਾਚਲ ਪ੍ਰਦੇਸ਼ ਦੇ ਅੰਜਾਵ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਖੌਫਨਾਕ ਸੜਕ ਹਾਦਸੇ ਨੇ ਹਰ ਕਿਸੇ ਨੂੰ ਝੰਝੋੜ ਦਿੱਤਾ। ਚੱਕਲਗਾਮ ਇਲਾਕੇ ਵਿੱਚ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਇੱਕ ਟਰੱਕ ਬੇਕਾਬੂ ਹੋ ਕੇ ਗਹਿਰੇ ਖੱਡ ਵਿੱਚ ਜਾ ਡਿੱਗਿਆ। ਟਰੱਕ ਵਿੱਚ ਸਵਾਰ ਸਾਰੇ 22 ਮਜ਼ਦੂਰ ਇਸ ਭਿਆਨਕ ਹਾਦਸੇ ਵਿੱਚ ਮਾਰੇ ਗਏ। ਹਾਦਸਾ ਹੈਲੋਗ–ਚੱਕਲਾਗਾਮ ਸੜਕ 'ਤੇ ਮੇਟੇਲਿਆਂਗ ਨੇੜੇ ਵਾਪਰਿਆ, ਜਿੱਥੇ ਸੜਕ ਨਿਰਮਾਣ ਕਾਰਜ ਲਈ ਮਜ਼ਦੂਰ ਜਾ ਰਹੇ ਸਨ।
ਮੀਡੀਆ ਰਿਪੋਰਟਾਂ ਮੁਤਾਬਕ, ਮਾਰੇ ਗਏ ਮਜ਼ਦੂਰਾਂ ਵਿੱਚੋਂ 19 ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਦੇ ਗੇਲਾਪੁਖੁਰੀ ਟੀ ਅਸਟੇਟ ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਪਹਾੜੀ ਇਲਾਕਿਆਂ ਵਿੱਚ ਸੜਕ ਤੰਗ ਅਤੇ ਖਤਰਨਾਕ ਹੋਣ ਕਾਰਨ ਟਰੱਕ ਡਰਾਈਵਰ ਦਾ ਕੰਟਰੋਲ ਹਟ ਗਿਆ ਅਤੇ ਵਾਹਨ ਸਿੱਧਾ ਖੱਡ ਵਿੱਚ ਜਾ ਸਮਾਇਆ। ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਇਹ ਨਜ਼ਾਰਾ ਦੇਖ ਕੇ ਤੁਰੰਤ ਨੇੜਲੇ ਪੁਲਿਸ ਸਟੇਸ਼ਨ ਨੂੰ ਸੂਚਨਾ ਦਿੱਤੀ।
ਹਾਦਸਾ ਜਿੱਥੇ ਵਾਪਰਿਆ, ਉਹ ਇਲਾਕਾ ਕਾਫ਼ੀ ਦੂਰ-ਦਰਾਜ ਅਤੇ ਕੱਚੇ ਰਸਤੇ ਵਾਲਾ ਹੈ। ਸੂਚਨਾ ਦੇਰ ਨਾਲ ਮਿਲਣ ਅਤੇ ਰਸਤਾ ਕਠਿਨ ਹੋਣ ਕਰਕੇ ਰਾਹਤ ਟੀਮਾਂ ਨੂੰ ਮੌਕੇ 'ਤੇ ਪਹੁੰਚਣ ਵਿੱਚ ਲਗਭਗ 18 ਘੰਟੇ ਲੱਗੇ। ਪੁਲਿਸ ਅਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ, ਜਿਥੇ ਹੁਣ ਤੱਕ 13 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ ਬਾਕੀ ਮਜ਼ਦੂਰਾਂ ਦੀ ਭਾਲ ਜਾਰੀ ਹੈ।
ਪੁਲਿਸ ਮੁਤਾਬਕ, ਬਚਣ ਦੀ ਸੰਭਾਵਨਾ ਨਾ ਦੇਬਰਾਬਰ ਹੈ, ਕਿਉਂਕਿ ਖੱਡ ਬਹੁਤ ਡੂੰਘੀ ਹੈ ਅਤੇ ਵਾਹਨ ਬੁਰੀ ਤਰ੍ਹਾਂ ਕੁਚਲ ਗਿਆ ਹੈ। ਮਾਰੇ ਗਏ ਮਜ਼ਦੂਰਾਂ ਵਿੱਚ ਬੁਧੇਸ਼ਵਰ ਦੀਪ, ਰਾਹੁਲ ਕੁਮਾਰ, ਸਮੀਰ ਦੀਪ, ਜੌਨ ਕੁਮਾਰ, ਪੰਕਜ ਮੈਨਕੀ, ਅਜੈ ਮੈਨਕੀ, ਵਿਜੇ ਕੁਮਾਰ ਸਮੇਤ 19 ਲੋਕਾਂ ਦੀ ਪਛਾਣ ਹੋ ਚੁੱਕੀ ਹੈ। ਇਹ ਦੁਰਘਟਨਾ ਸਿਰਫ਼ ਇਕ ਪਰਿਵਾਰ ਨਹੀਂ, ਸਗੋਂ ਪੂਰੇ ਅਸਾਮ ਦੇ ਤਿਨਸੁਕੀਆ ਇਲਾਕੇ ਲਈ ਵੱਡਾ ਸਦਮਾ ਬਣੀ ਹੋਈ ਹੈ।
Get all latest content delivered to your email a few times a month.