ਤਾਜਾ ਖਬਰਾਂ
ਫ਼ਾਜ਼ਿਲਕਾ ਦੇ ਅਬੋਹਰ ਤਹਿਸੀਲ ਕੰਪਲੈਕਸ ਵਿੱਚ ਬੀਤੇ ਵੀਰਵਾਰ ਨੂੰ ਹੋਏ ਸਨਸਨੀਖੇਜ਼ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਤਲ ਦੇ ਮੁੱਖ ਮੁਲਜ਼ਮ ਸਮੇਤ ਕੁੱਲ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਐਸਐਸਪੀ ਗੁਰਮੀਤ ਸਿੰਘ ਨੇ ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਆਕਾਸ਼ ਉਰਫ਼ ਗੋਲੂ ਪੰਡਿਤ ਦੇ ਪਿਤਾ ਦੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਗਈ ਹੈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀਆਂ ਸਨ, ਜਿਨ੍ਹਾਂ ਨੇ ਦੇਰ ਰਾਤ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹੇਠ ਲਿਖੇ ਅਨੁਸਾਰ ਕੀਤੀ ਗਈ ਹੈ:
ਗਗਨਦੀਪ ਸਿੰਘ ਉਰਫ਼ ਗੱਗੀ ਲਾਹੌਰੀਆ (ਮੁੱਖ ਮੁਲਜ਼ਮ)
ਵਿਸ਼ੂ ਨਾਡਾ, ਸੁਸ਼ੀਲ ਕੁਮਾਰ ਉਰਫ਼ ਭਾਲੂ, ਅਮਨ ਉਰਫ਼ ਤੋਤਾ
ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ ਤਾਂ ਜੋ ਪੁੱਛਗਿੱਛ ਦੌਰਾਨ ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆ ਸਕਣ।
ਕੀ ਸੀ ਘਟਨਾ?
ਬੀਤੇ ਦਿਨ ਇਹ ਘਟਨਾ ਅਬੋਹਰ ਦੇ ਤਹਿਸੀਲ ਕੋਰਟ ਕੰਪਲੈਕਸ ਵਿੱਚ ਉਸ ਸਮੇਂ ਵਾਪਰੀ ਜਦੋਂ ਇੱਕ ਵਿਅਕਤੀ ਪੇਸ਼ੀ ਭੁਗਤਣ ਲਈ ਆਇਆ ਸੀ।
ਅਬੋਹਰ ਨਿਵਾਸੀ ਆਕਾਸ਼ ਉਰਫ਼ ਗੋਲੂ ਪੰਡਿਤ ਆਪਣੇ ਸਾਥੀਆਂ ਸੋਨੂੰ ਅਤੇ ਇੱਕ ਹੋਰ ਵਿਅਕਤੀ ਨਾਲ ਆਪਣੀ ਕਾਰ ਵਿੱਚ ਕੋਰਟ ਕੰਪਲੈਕਸ ਪਹੁੰਚਿਆ ਸੀ।
ਜਦੋਂ ਗੋਲੂ ਪੰਡਿਤ ਇੱਕ ਮਾਮਲੇ ਦੀ ਪੇਸ਼ੀ ਭੁਗਤਣ ਤੋਂ ਬਾਅਦ ਅਦਾਲਤ ਤੋਂ ਬਾਹਰ ਆ ਕੇ ਆਪਣੀ ਕਾਰ ਵਿੱਚ ਬੈਠਣ ਲੱਗਾ, ਤਾਂ ਕੁਝ ਬਦਮਾਸ਼ਾਂ ਨੇ ਉਸ 'ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ।
ਗੋਲੀਬਾਰੀ ਦੌਰਾਨ ਗੋਲੂ ਪੰਡਿਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਦੋਂ ਕਿ ਕਈ ਹੋਰ ਲੋਕਾਂ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਪੂਰੇ ਕੋਰਟ ਕੰਪਲੈਕਸ ਵਿੱਚ ਹਫੜਾ-ਦਫੜੀ ਮਚ ਗਈ।
ਗੋਲੂ ਦੇ ਸਾਥੀਆਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਹੁਣ ਇਸ ਕਤਲ ਦੇ ਪਿੱਛੇ ਦੇ ਅਸਲ ਕਾਰਨਾਂ ਅਤੇ ਸਾਜ਼ਿਸ਼ ਬਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਕਰੇਗੀ।
Get all latest content delivered to your email a few times a month.