ਤਾਜਾ ਖਬਰਾਂ
ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ 'ਤੇ, ਪੰਜਾਬ ਪੁਲਿਸ ਨੇ ਸੂਬੇ ਵਿੱਚੋਂ ਨਸ਼ਿਆਂ ਦੀਆਂ ਜੜ੍ਹਾਂ ਨੂੰ ਖ਼ਤਮ ਕਰਨ ਲਈ ਮੰਗਲਵਾਰ ਨੂੰ ਇੱਕ ਵਿਸ਼ਾਲ 'ਕਾਰਡਨ ਐਂਡ ਸਰਚ ਆਪ੍ਰੇਸ਼ਨ' (CASO) ਚਲਾਇਆ। 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਇਹ ਕਾਰਵਾਈ ਪੂਰੇ ਰਾਜ ਦੇ ਚਿੰਨ੍ਹਿਤ ਡਰੱਗ ਹੌਟਸਪੌਟਸ (ਨਸ਼ੀਲੇ ਪਦਾਰਥਾਂ ਦੀ ਵਿਕਰੀ ਵਾਲੇ ਸਥਾਨਾਂ) 'ਤੇ ਕੀਤੀ ਗਈ। ਇਹ ਮੁਹਿੰਮ ਨਸ਼ਿਆਂ ਖ਼ਿਲਾਫ਼ ਤੇਜ਼ ਕਾਰਵਾਈ ਦੇ 262ਵੇਂ ਦਿਨ ਨੂੰ ਦਰਸਾਉਂਦੀ ਹੈ।
ਸਾਰੇ 28 ਜ਼ਿਲ੍ਹਿਆਂ ਵਿੱਚ ਇਕੱਠੇ ਕਾਰਵਾਈ
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ, ਇਹ ਆਪ੍ਰੇਸ਼ਨ ਇੱਕੋ ਸਮੇਂ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਚਲਾਇਆ ਗਿਆ।
ਪੁਲਿਸ ਟੀਮਾਂ: ਸਪੈਸ਼ਲ ਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਦੱਸਿਆ ਕਿ 79 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 400 ਤੋਂ ਵੱਧ ਪੁਲਿਸ ਟੀਮਾਂ, ਜਿਨ੍ਹਾਂ ਵਿੱਚ 3000 ਤੋਂ ਵੱਧ ਪੁਲਿਸ ਕਰਮਚਾਰੀ ਸ਼ਾਮਲ ਸਨ, ਇਸ ਮੁਹਿੰਮ ਵਿੱਚ ਤਾਇਨਾਤ ਕੀਤੇ ਗਏ ਸਨ।
ਬਰਮਾਦਗੀ: ਪੂਰੇ ਦਿਨ ਚੱਲੀ ਇਸ ਮੁਹਿੰਮ ਦੌਰਾਨ, ਪੁਲਿਸ ਟੀਮਾਂ ਨੇ ਸੂਬੇ ਭਰ ਦੇ 391 ਡਰੱਗ ਹੌਟਸਪੌਟਸ 'ਤੇ ਛਾਪੇਮਾਰੀ ਕੀਤੀ। ਇਸ ਕਾਰਵਾਈ ਵਿੱਚ 67 ਮਾਮਲੇ ਦਰਜ ਕੀਤੇ ਗਏ ਅਤੇ 79 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 4.3 ਕਿਲੋ ਹੈਰੋਇਨ, 971 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 3.16 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਮੁਹਿੰਮ ਦੇ ਸ਼ੁਰੂ ਤੋਂ ਹੁਣ ਤੱਕ ਦਾ ਅੰਕੜਾ
ਸਪੈਸ਼ਲ ਡੀਜੀਪੀ ਨੇ ਦੱਸਿਆ ਕਿ 1 ਮਾਰਚ 2025 ਨੂੰ ਸ਼ੁਰੂ ਕੀਤੇ ਗਏ 'ਯੁੱਧ ਨਸ਼ਿਆਂ ਵਿਰੁੱਧ' ਅਭਿਆਨ ਤਹਿਤ ਹੁਣ ਤੱਕ ਪੂਰੇ ਪੰਜਾਬ ਵਿੱਚ ਵੱਡੀ ਪੱਧਰ 'ਤੇ ਕਾਰਵਾਈ ਕੀਤੀ ਗਈ ਹੈ:
FIRs ਅਤੇ ਗ੍ਰਿਫ਼ਤਾਰੀਆਂ: ਹੁਣ ਤੱਕ ਕੁੱਲ 24,809 FIRs ਦਰਜ ਕੀਤੀਆਂ ਜਾ ਚੁੱਕੀਆਂ ਹਨ ਅਤੇ 36,901 ਡਰੱਗ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਕੁੱਲ ਬਰਾਮਦਗੀ: ਪੁਲਿਸ ਨੇ ਹੁਣ ਤੱਕ ਕੁੱਲ ਮਿਲਾ ਕੇ 1604 ਕਿਲੋ ਹੈਰੋਇਨ, 557 ਕਿਲੋ ਅਫ਼ੀਮ, 263 ਕੁਇੰਟਲ ਭੁੱਕੀ, 529 ਕਿਲੋ ਗਾਂਜਾ, 41.39 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ, 14 ਕਿਲੋ 'ਆਈਸ' (ਮੈਥ) ਅਤੇ 14.42 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।
Get all latest content delivered to your email a few times a month.