ਤਾਜਾ ਖਬਰਾਂ
ਪਟਿਆਲਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਮੁਤਾਬਕ, 14 ਦਸੰਬਰ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿੱਚ ਵੋਟਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਜੇਕਰ ਕਿਸੇ ਵੋਟਰ ਕੋਲ ਉਸਦਾ ਵੋਟਰ ਫੋਟੋ ਪਛਾਣ ਪੱਤਰ (EPIC ਕਾਰਡ) ਮੌਜੂਦ ਨਹੀਂ ਹੈ, ਤਾਂ ਉਹ ਹੋਰ 13 ਅਧਿਕਾਰਤ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਵੀ ਆਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਹੈ।
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਵੋਟਿੰਗ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 23 ਜ਼ੋਨਾਂ ਅਤੇ 10 ਬਲਾਕ ਸੰਮਤੀਆਂ ਦੇ 184 ਜ਼ੋਨਾਂ ਲਈ ਵੋਟਾਂ ਪੈਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਵੋਟਰ ਸਿਰਫ਼ EPIC ਕਾਰਡ ਨਾ ਹੋਣ ਕਾਰਨ ਵੋਟ ਪਾਉਣ ਦੇ ਹੱਕ ਤੋਂ ਵਾਂਝਾ ਨਹੀਂ ਰਹੇਗਾ।
13 ਦਸਤਾਵੇਜ਼ਾਂ ਦੀ ਸੂਚੀ ਜਾਰੀ
ਡਾ. ਯਾਦਵ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਨੇ ਵੋਟਿੰਗ ਲਈ ਬਦਲਵੇਂ ਪਛਾਣ ਪੱਤਰਾਂ ਦੀ ਇੱਕ ਵਿਸਥਾਰਤ ਸੂਚੀ ਜਾਰੀ ਕੀਤੀ ਹੈ। ਵੋਟਰ ਇਨ੍ਹਾਂ ਵਿੱਚੋਂ ਕੋਈ ਇੱਕ ਦਸਤਾਵੇਜ਼ ਦਿਖਾ ਕੇ ਆਪਣੀ ਪਛਾਣ ਸਥਾਪਤ ਕਰ ਸਕਦੇ ਹਨ:
ਆਧਾਰ ਕਾਰਡ, ਮਨਰੇਗਾ (MGNREGA) ਜੌਬ ਕਾਰਡ, ਬੈਂਕ ਜਾਂ ਡਾਕਖਾਨੇ ਦੀ ਫ਼ੋਟੋ ਵਾਲੀ ਪਾਸਬੁੱਕ, ਕਿਰਤ ਵਿਭਾਗ ਵੱਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, RGI ਵੱਲੋਂ NPR ਤਹਿਤ ਜਾਰੀ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫ਼ੋਟੋ ਸਮੇਤ ਰਾਸ਼ਨ ਕਾਰਡ ਜਾਂ ਨੀਲਾ ਕਾਰਡ, ਫ਼ੋਟੋ ਵਾਲੇ ਪੈਨਸ਼ਨ ਦਸਤਾਵੇਜ਼, ਕੇਂਦਰ/ਰਾਜ ਸਰਕਾਰ ਜਾਂ PSU ਵੱਲੋਂ ਜਾਰੀ ਮੁਲਾਜ਼ਮ ਪਛਾਣ ਪੱਤਰ, ਦਿਵਿਆਂਗਜਨਾਂ ਲਈ ਸਮਾਜਿਕ ਨਿਆਂ ਮੰਤਰਾਲੇ ਵੱਲੋਂ ਜਾਰੀ ਯੂਨੀਕ ਆਈ.ਡੀ. ਕਾਰਡ, ਮਾਨਤਾ ਪ੍ਰਾਪਤ ਵਿੱਦਿਅਕ ਸੰਸਥਾ ਵੱਲੋਂ ਵਿਦਿਆਰਥੀ ਨੂੰ ਜਾਰੀ ਪਛਾਣ ਪੱਤਰ
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜੇਕਰ ਉਪਰੋਕਤ ਦਸਤਾਵੇਜ਼ਾਂ ਵਿੱਚੋਂ ਕੋਈ ਇੱਕ ਦਸਤਾਵੇਜ਼ ਪਰਿਵਾਰ ਦੇ ਮੁਖੀ ਕੋਲ ਮੌਜੂਦ ਹੈ, ਤਾਂ ਇਸ ਨੂੰ ਉਸ ਦੇ ਪਰਿਵਾਰ ਦੀ ਪਛਾਣ ਲਈ ਵੀ ਮੰਨਿਆ ਜਾਵੇਗਾ।
ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਜਾਂ ਝਿਜਕ ਦੇ, ਆਪਣੇ ਪੋਲਿੰਗ ਸਟੇਸ਼ਨਾਂ 'ਤੇ ਜਾ ਕੇ ਲੋਕਤੰਤਰ ਦੇ ਇਸ ਮਹੱਤਵਪੂਰਨ ਅਧਿਕਾਰ ਦੀ ਵਰਤੋਂ ਕਰਨ।
Get all latest content delivered to your email a few times a month.