ਤਾਜਾ ਖਬਰਾਂ
ਪੰਜਾਬ ਵਿੱਚ ਗੁੰਡਾਗਰਦੀ ਅਤੇ ਅਪਰਾਧਿਕ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ, ਮਜੀਠਾ ਵਿਖੇ ਇੱਕ ਡਰਾਉਣੀ ਘਟਨਾ ਸਾਹਮਣੇ ਆਈ ਹੈ, ਜਿੱਥੇ ਫਿਰੌਤੀ ਨਾ ਦੇਣ ਕਾਰਨ ਗੈਂਗਸਟਰਾਂ ਨੇ ਇੱਕ ਨੌਜਵਾਨ ਦੇ ਪੁਰਾਣੀਆਂ ਕਾਰਾਂ ਦੇ ਸ਼ੋਅਰੂਮ ਨੂੰ ਅੱਗ ਲਗਾ ਕੇ ਵੱਡਾ ਨੁਕਸਾਨ ਪਹੁੰਚਾਇਆ।
ਅੱਗ ਲਗਾਉਣ ਤੋਂ ਪਹਿਲਾਂ ਚੌਕੀਦਾਰ 'ਤੇ ਹਮਲਾ
ਮਿਲੀ ਜਾਣਕਾਰੀ ਮੁਤਾਬਕ, ਰਾਤ ਨੂੰ ਵਾਰਦਾਤ ਨੂੰ ਅੰਜਾਮ ਦੇਣ ਆਏ ਗੈਂਗਸਟਰਾਂ ਨੇ ਪਹਿਲਾਂ ਸ਼ੋਅਰੂਮ 'ਤੇ ਡਿਊਟੀ ਦੇ ਰਹੇ ਬਜ਼ੁਰਗ ਚੌਕੀਦਾਰ ਨੂੰ ਨਿਸ਼ਾਨਾ ਬਣਾਇਆ। ਹਮਲਾਵਰਾਂ ਨੇ ਗੋਲੀਆਂ ਚਲਾ ਕੇ ਚੌਕੀਦਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਬਜ਼ੁਰਗ ਨੇ ਭੱਜ ਕੇ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਗੋਲੀਬਾਰੀ ਤੋਂ ਬਾਅਦ ਸ਼ੋਅਰੂਮ ਨੂੰ ਅੱਗ ਲਗਾ ਦਿੱਤੀ ਗਈ।
ਪੀੜਤ ਕੰਵਲਜੀਤ ਸਿੰਘ ਨੇ ਪਹਿਲਾਂ ਵੀ ਕੀਤੀ ਸੀ ਸ਼ਿਕਾਇਤ
ਸ਼ੋਅਰੂਮ ਦੇ ਮਾਲਕ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਦਿਨਾਂ ਤੋਂ ਅਮਨ ਗੋਤਾ ਨਾਂ ਦੇ ਗੈਂਗਸਟਰ ਵੱਲੋਂ ਫੋਨ 'ਤੇ ਫਿਰੌਤੀ ਦੇਣ ਲਈ ਧਮਕੀਆਂ ਮਿਲ ਰਹੀਆਂ ਸਨ।
ਪੀੜਤ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਗੈਂਗਸਟਰਾਂ ਦੀਆਂ ਧਮਕੀਆਂ ਬਾਰੇ ਕਈ ਵਾਰ ਪੁਲਿਸ ਨੂੰ ਦਰਖਾਸਤਾਂ ਦੇ ਕੇ ਸ਼ਿਕਾਇਤ ਕੀਤੀ ਸੀ। ਪੁਲਿਸ ਨੂੰ ਜਾਣਕਾਰੀ ਦੇਣ ਤੋਂ ਬਾਅਦ ਵੀ ਗੈਂਗਸਟਰ ਨੇ ਮੁੜ ਧਮਕੀ ਦਿੱਤੀ ਅਤੇ ਅੱਜ ਇਸ ਖ਼ਤਰਨਾਕ ਹਮਲੇ ਨੂੰ ਅੰਜਾਮ ਦੇ ਕੇ ਪੁਲਿਸ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਸੂਬੇ ਵਿੱਚ ਵਧ ਰਹੀ ਗੁੰਡਾਗਰਦੀ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
Get all latest content delivered to your email a few times a month.