ਤਾਜਾ ਖਬਰਾਂ
ਚੰਡੀਗੜ੍ਹ/ਐਸਏਐਸ ਨਗਰ, 17 ਦਸੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਐਸਏਐਸ ਨਗਰ ਜ਼ਿਲ੍ਹਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਕਬੱਡੀ ਖਿਡਾਰੀ ਦੇ ਕਤਲ ਮਾਮਲੇ ਵਿੱਚ ਸ਼ਾਮਲ ਮੁੱਖ ਦੋਸ਼ੀ ਨੂੰ, ਪੁਲਿਸ ਟੀਮਾਂ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਦੌਰਾਨ ਬੇਅਸਰ ਕਰ ਦਿੱਤਾ ਗਿਆ। ਬੁੱਧਵਾਰ ਨੂੰ ਲਾਲੜੂ ਵਿੱਚ ਹੋਈ ਇਸ ਮੁੱਠਭੇੜ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ।
ਸੀਨੀਅਰ ਪੁਲਿਸ ਸੁਪਰਡੈਂਟ (ਐਸ.ਐਸ.ਪੀ.) ਐਸਏਐਸ ਨਗਰ ਹਰਮਨਦੀਪ ਹੰਸ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮੁਲਜ਼ਮ ਦੀ ਪਛਾਣ ਹਰਪਿੰਦਰ ਉਰਫ ਮਿੱਢੀ ਵਜੋਂ ਕੀਤੀ, ਜੋ ਕਿ ਤਰਨਤਾਰਨ ਦੇ ਨੌਸ਼ਹਿਰਾ ਪੰਨੂਆਂ ਦਾ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਗੋਲੀਬਾਰੀ ਦੌਰਾਨ ਉਕਤ ਦੋਸ਼ੀ ਨੂੰ ਗੋਲੀਆਂ ਲੱਗੀਆਂ ਅਤੇ ਉਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਦਮ ਤੋੜ ਗਿਆ।
ਜਾਣਕਾਰੀ ਅਨੁਸਾਰ, ਕਬੱਡੀ ਖਿਡਾਰੀ-ਕਮ-ਪ੍ਰਮੋਟਰ ਕੰਵਰ ਦਿਗਵਿਜੇ ਸਿੰਘ, ਉਰਫ਼ ਰਾਣਾ ਬਲਾਚੌਰੀਆ ਦੀ 15 ਦਸੰਬਰ ਨੂੰ ਮੋਹਾਲੀ ਵਿੱਚ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਪੁਲਿਸ ਟੀਮਾਂ ਨੇ ਇਸ ਮਾਮਲੇ ਦੇ ਮਾਸਟਰਮਾਈਂਡ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜਿਸਦੀ ਪਛਾਣ ਤਰਨਤਾਰਨ ਦੇ ਰਹਿਣ ਵਾਲੇ ਐਸ਼ਦੀਪ ਸਿੰਘ ਵਜੋਂ ਹੋਈ ਹੈ ਅਤੇ ਉਹ ਇਸ ਸਮੇਂ ਰੂਸ ਵਿੱਚ ਰਹਿ ਰਿਹਾ ਸੀ। ਐਸ਼ਦੀਪ, ਜੋ ਡੋਨੀ ਬਲ ਦੇ ਨਿਰਦੇਸ਼ਾਂ ’ਤੇ ਇਸ ਕਤਲ ਨੂੰ ਅੰਜਾਮ ਦੇਣ ਲਈ 25 ਨਵੰਬਰ ਨੂੰ ਭਾਰਤ ਆਇਆ ਸੀ, ਨੂੰ ਦਿੱਲੀ ਹਵਾਈ ਅੱਡੇ ਤੋਂ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਹ ਮਸਕਟ ਭੱਜਣ ਦੀ ਯੋਜਨਾ ਬਣਾ ਰਿਹਾ ਸੀ।
ਐਸ.ਐਸ.ਪੀ. ਨੇ ਕਿਹਾ ਕਿ ਦੋਸ਼ੀ ਐਸ਼ਦੀਪ ਸਿੰਘ ਵੱਲੋਂ ਉਸਦੇ ਸਾਥੀ ਹਰਪਿੰਦਰ ਮਿੱਢੀ, ਜਿਸਨੇ ਗੋਲੀਬਾਰੀ ਕਰਨ ਵਾਲਿਆਂ ਦੀ ਸਹਾਇਤਾ ਕੀਤੀ ਸੀ ਅਤੇ ਜੋ ਉਸਦੇ ਨਾਲ ਫਰਾਰ ਹੋਣ ਦੀ ਫਿਰਾਕ ਵਿੱਚ ਸੀ, ਬਾਰੇ ਦਿੱਤੀ ਗਈ ਜਾਣਕਾਰੀ ਉੱਤੇ ਸਰਗਰਮੀ ਨਾਲ ਕਾਰਵਾਈ ਕਰਦੇ ਹੋਏ, ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਇੰਸਪੈਕਟਰ ਸੁਮਿਤ ਮੋਰ, ਇੰਸਪੈਕਟਰ ਪੁਸ਼ਵਿੰਦਰ ਸਿੰਘ ਅਤੇ ਇੰਸਪੈਕਟਰ ਮਲਕੀਅਤ ਸਿੰਘ ਦੀਆਂ ਪੁਲਿਸ ਪਾਰਟੀਆਂ ਨੇ ਲਾਲੜੂ ਵਿਖੇ ਝਰਮਲ ਨਦੀ ਦੇ ਨੇੜੇ ਅੰਬਾਲਾ-ਲਾਲੜੂ ਹਾਈਵੇਅ ’ਤੇ ਉਕਤ ਵੱਲੋਂ ਦੱਸੇ ਟਿਕਾਣੇ ’ਤੇ ਛਾਪੇਮਾਰੀ ਕੀਤੀ ।
ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ ਨੂੰ ਦੇਖ ਕੇ, ਸ਼ੱਕੀ ਹਰਪਿੰਦਰ ਮਿੱਢੀ ਨੇ ਪੁਲਿਸ ਪਾਰਟੀ ’ਤੇ ਗੋਲੀਬਾਰੀ ਕੀਤੀ ,ਜਿਸ ਕਾਰਨ ਦੋ ਪੁਲਿਸ ਮੁਲਾਜ਼ਮ - ਹੈੱਡ ਕਾਂਸਟੇਬਲ ਗੁਲਾਬ ਸਿੰਘ ਅਤੇ ਕੁਮਾਰ ਸ਼ਰਮਾ ਗੰਭੀਰ ਜ਼ਖਮੀ ਹੋ ਗਏ। ਸਵੈ-ਰੱਖਿਆ ਵਿੱਚ, ਜਦੋਂ ਪੁਲਿਸ ਪਾਰਟੀ ਨੇ ਜਵਾਬੀ ਗੋਲੀਬਾਰੀ ਕੀਤੀ ਤਾਂ ਸ਼ੱਕੀ ਜ਼ਖਮੀ ਹੋ ਗਿਆ ਅਤੇ ਉਸਨੂੰ ਸਿਵਲ ਹਸਪਤਾਲ ਡੇਰਾਬੱਸੀ ਲਿਜਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।
ਐਸ.ਐਸ.ਪੀ. ਹਰਮਨਦੀਪ ਹੰਸ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਸ਼ਮੂਲੀਅਤ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਮਦਦ ਨਾਲ ਇੱਕ ਹੋਰ ਦੋਸ਼ੀ, ਜਿਸਦੀ ਪਛਾਣ ਜੁਗਰਾਜ ਸਿੰਘ ਵਜੋਂ ਹੋਈ ਹੈ, ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਕਾਬੂ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Get all latest content delivered to your email a few times a month.