ਤਾਜਾ ਖਬਰਾਂ
ਅਸਾਮ ਦੇ ਹੋਜਈ ਜ਼ਿਲ੍ਹੇ ਵਿੱਚ ਸ਼ਨੀਵਾਰ ਤੜਕੇ ਇੱਕ ਅਜਿਹਾ ਮੰਜਰ ਦੇਖਣ ਨੂੰ ਮਿਲਿਆ ਜਿਸ ਨੇ ਸਭ ਦੇ ਦਿਲ ਦਹਿਲਾ ਦਿੱਤੇ। ਤੇਜ਼ ਰਫ਼ਤਾਰ ‘ਸੈਰੰਗ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ’ ਅਤੇ ਜੰਗਲੀ ਹਾਥੀਆਂ ਦੇ ਝੁੰਡ ਵਿਚਕਾਰ ਹੋਈ ਜ਼ੋਰਦਾਰ ਟੱਕਰ ਨੇ 8 ਬੇਜ਼ੁਬਾਨ ਜੀਵਾਂ ਦੀ ਬਲੀ ਲੈ ਲਈ। ਟੱਕਰ ਇੰਨੀ ਭਿਆਨਕ ਸੀ ਕਿ ਲੋਹੇ ਦਾ ਇੰਜਣ ਅਤੇ ਪੰਜ ਭਾਰੀ-ਭਰਕਮ ਡੱਬੇ ਕਾਗਜ਼ ਦੀਆਂ ਬੇੜੀਆਂ ਵਾਂਗ ਪਟੜੀ ਤੋਂ ਉਤਰ ਕੇ ਖੇਤਾਂ ਵੱਲ ਜਾ ਡਿੱਗੇ।
ਟੋਟੇ-ਟੋਟੇ ਹੋਏ ਹਾਥੀ, ਵਾਲ-ਵਾਲ ਬਚੇ ਮੁਸਾਫ਼ਰ ਚਾਂਗਜੁਰਾਈ ਖੇਤਰ ਵਿੱਚ ਸਵੇਰੇ 2:17 ਵਜੇ ਜਦੋਂ ਪੂਰੀ ਦੁਨੀਆ ਸੌਂ ਰਹੀ ਸੀ, ਉਦੋਂ ਇਹ ਹਾਦਸਾ ਵਾਪਰਿਆ। ਟਰੈਕ 'ਤੇ ਹਾਥੀਆਂ ਦੇ ਝੁੰਡ ਨੂੰ ਦੇਖ ਕੇ ਲੋਕੋ-ਪਾਇਲਟ ਨੇ ਹੱਥ-ਪੈਰ ਮਾਰਦਿਆਂ ਐਮਰਜੈਂਸੀ ਬ੍ਰੇਕ ਤਾਂ ਲਗਾਏ, ਪਰ ਕਈ ਸੌ ਟਨ ਵਜ਼ਨੀ ਰੇਲਗੱਡੀ ਨੂੰ ਰੁਕਣ ਦਾ ਮੌਕਾ ਨਹੀਂ ਮਿਲਿਆ। ਨਤੀਜੇ ਵਜੋਂ 8 ਹਾਥੀਆਂ ਦੇ ਸ਼ਰੀਰ ਦੇ ਅੰਗ ਟ੍ਰੈਕ 'ਤੇ ਖਿੱਲਰ ਗਏ। ਇੱਕ ਹਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ ਜੋ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਚੰਗੀ ਕਿਸਮਤ ਰਹੀ ਕਿ ਰੇਲ ਵਿੱਚ ਸਵਾਰ ਸੈਂਕੜੇ ਯਾਤਰੀਆਂ ਨੂੰ ਕੋਈ ਖ਼ਰੀਂਢ ਤੱਕ ਨਹੀਂ ਆਈ।
ਰੇਲਵੇ ਦੀ ਵੱਡੀ ਲਾਪਰਵਾਹੀ ਜਾਂ ਕੁਦਰਤੀ ਕਹਿਰ? ਜੰਗਲਾਤ ਅਧਿਕਾਰੀ ਸੁਹਾਸ਼ ਕਦਮ ਦੀ ਅਗਵਾਈ ਵਿੱਚ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਇਹ ਇਲਾਕਾ 'ਹਾਥੀ ਲਾਂਘਾ' ਨਹੀਂ ਸੀ, ਜਿਸ ਕਾਰਨ ਰੇਲਵੇ ਕੋਲ ਹਾਥੀਆਂ ਦੀ ਮੌਜੂਦਗੀ ਦਾ ਕੋਈ ਪੂਰਵ ਅਨੁਮਾਨ ਨਹੀਂ ਸੀ। ਇਸ ਵੇਲੇ ਉੱਪਰੀ ਅਸਾਮ ਨੂੰ ਜੋੜਨ ਵਾਲਾ ਰੇਲ ਸੰਪਰਕ ਪੂਰੀ ਤਰ੍ਹਾਂ ਕੱਟਿਆ ਗਿਆ ਹੈ।
ਜੰਗੀ ਪੱਧਰ 'ਤੇ ਰਾਹਤ ਕਾਰਜ ਰੇਲਵੇ ਵਿਭਾਗ ਨੇ ਮੁਰੰਮਤ ਲਈ ਹਾਦਸਾ ਰਾਹਤ ਗੱਡੀਆਂ (ART) ਮੌਕੇ 'ਤੇ ਤਾਇਨਾਤ ਕਰ ਦਿੱਤੀਆਂ ਹਨ। ਟ੍ਰੈਕ ਤੋਂ ਹਾਥੀਆਂ ਦੇ ਅਵਸ਼ੇਸ਼ ਹਟਾਉਣ ਅਤੇ ਡੱਬਿਆਂ ਨੂੰ ਮੁੜ ਪਟੜੀ 'ਤੇ ਚਾੜ੍ਹਨ ਦਾ ਕੰਮ ਜਾਰੀ ਹੈ। ਪ੍ਰਭਾਵਿਤ ਰੇਲਗੱਡੀਆਂ ਨੂੰ ਦੂਜੇ ਰੂਟਾਂ ਰਾਹੀਂ ਮੋੜਿਆ ਗਿਆ ਹੈ, ਜਿਸ ਕਾਰਨ ਹਜ਼ਾਰਾਂ ਮੁਸਾਫ਼ਰ ਪ੍ਰੇਸ਼ਾਨ ਹੋ ਰਹੇ ਹਨ।
Get all latest content delivered to your email a few times a month.