ਤਾਜਾ ਖਬਰਾਂ
ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ-1 'ਤੇ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਏਅਰ ਇੰਡੀਆ ਐਕਸਪ੍ਰੈਸ ਦੇ ਇੱਕ ਪਾਇਲਟ ਵੱਲੋਂ ਯਾਤਰੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਹਮਲੇ ਵਿੱਚ ਯਾਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਏਅਰਲਾਈਨ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਪਾਇਲਟ ਨੂੰ ਡਿਊਟੀ ਤੋਂ ਹਟਾ ਕੇ ਮੁਅੱਤਲ ਕਰ ਦਿੱਤਾ ਹੈ।
ਸੋਸ਼ਲ ਮੀਡੀਆ 'ਤੇ ਬਿਆਨ ਕੀਤਾ ਦਰਦ ਪੀੜਤ ਯਾਤਰੀ ਅੰਕਿਤ ਦੀਵਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (Twitter) 'ਤੇ ਆਪਣੀ ਆਪਬੀਤੀ ਸਾਂਝੀ ਕੀਤੀ। ਦੀਵਾਨ ਨੇ ਖ਼ੂਨ ਨਾਲ ਲੱਥਪੱਥ ਆਪਣੇ ਚਿਹਰੇ ਦੀਆਂ ਤਸਵੀਰਾਂ ਅਤੇ ਮੁਲਜ਼ਮ ਪਾਇਲਟ ਕੈਪਟਨ ਵੀਰੇਂਦਰ ਸੇਜਵਾਲ ਦੀ ਫੋਟੋ ਵੀ ਨਸ਼ਰ ਕੀਤੀ ਹੈ। ਪੀੜਤ ਅਨੁਸਾਰ, ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਸ ਦੀ ਸੱਤ ਸਾਲ ਦੀ ਧੀ ਉਸ ਦੇ ਨਾਲ ਸੀ। ਮਾਸੂਮ ਬੱਚੀ ਆਪਣੇ ਪਿਤਾ 'ਤੇ ਹੋਇਆ ਇਹ ਹਮਲਾ ਦੇਖ ਕੇ ਗੰਭੀਰ ਸਦਮੇ ਵਿੱਚ ਹੈ।
ਯਾਤਰੀ ਵਜੋਂ ਸਫ਼ਰ ਕਰ ਰਿਹਾ ਸੀ ਮੁਲਜ਼ਮ ਪਾਇਲਟ ਏਅਰਲਾਈਨ ਵੱਲੋਂ ਜਾਰੀ ਬਿਆਨ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਘਟਨਾ ਦੇ ਸਮੇਂ ਕੈਪਟਨ ਵੀਰੇਂਦਰ ਸੇਜਵਾਲ ਡਿਊਟੀ 'ਤੇ ਨਹੀਂ ਸੀ, ਸਗੋਂ ਉਹ ਇੱਕ ਹੋਰ ਏਅਰਲਾਈਨ ਵਿੱਚ ਯਾਤਰੀ ਵਜੋਂ ਸਫ਼ਰ ਕਰ ਰਿਹਾ ਸੀ। ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਕਿਹਾ, "ਅਸੀਂ ਆਪਣੇ ਕਰਮਚਾਰੀ ਦੇ ਅਜਿਹੇ ਗੈਰ-ਜ਼ਿੰਮੇਵਾਰਾਨਾ ਅਤੇ ਹਿੰਸਕ ਵਿਵਹਾਰ ਦੀ ਸਖ਼ਤ ਨਿੰਦਾ ਕਰਦੇ ਹਾਂ। ਜਾਂਚ ਮੁਕੰਮਲ ਹੋਣ ਤੱਕ ਉਸ ਨੂੰ ਤੁਰੰਤ ਪ੍ਰਭਾਵ ਨਾਲ ਸਰਕਾਰੀ ਡਿਊਟੀਆਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।"
ਅਨੁਸ਼ਾਸਨੀ ਕਾਰਵਾਈ ਦੀ ਤਿਆਰੀ ਹਵਾਈ ਅੱਡਾ ਸੂਤਰਾਂ ਅਨੁਸਾਰ, ਕਿਸੇ ਗੱਲ ਨੂੰ ਲੈ ਕੇ ਹੋਈ ਮਾਮੂਲੀ ਬਹਿਸ ਇੰਨੀ ਵਧ ਗਈ ਕਿ ਪਾਇਲਟ ਨੇ ਆਪਾ ਖੋਹ ਦਿੱਤਾ ਅਤੇ ਯਾਤਰੀ 'ਤੇ ਮੁੱਕਿਆਂ ਦੀ ਬਰਸਾਤ ਕਰ ਦਿੱਤੀ। ਏਅਰਲਾਈਨ ਨੇ ਭਰੋਸਾ ਦਿੱਤਾ ਹੈ ਕਿ ਅੰਦਰੂਨੀ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਮੁਲਜ਼ਮ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਘਟਨਾ ਨੇ ਹਵਾਈ ਸਫ਼ਰ ਦੌਰਾਨ ਯਾਤਰੀਆਂ ਦੀ ਸੁਰੱਖਿਆ ਅਤੇ ਏਅਰਲਾਈਨ ਸਟਾਫ਼ ਦੇ ਵਤੀਰੇ 'ਤੇ ਇੱਕ ਵਾਰ ਫਿਰ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
Get all latest content delivered to your email a few times a month.