ਤਾਜਾ ਖਬਰਾਂ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਗੋਲਡਨ ਗੇਟ ’ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਦੀ ਵੱਡੀ ਭੀੜ ਨੇ ਸ਼ਮੂਲੀਅਤ ਕੀਤੀ ਅਤੇ ਮਨਰੇਗਾ ਯੋਜਨਾ ਨੂੰ ਕਮਜ਼ੋਰ ਕਰਨ ਤੇ ਬਜਟ ਵਿੱਚ ਕੀਤੀ ਗਈ ਭਾਰੀ ਕਟੌਤੀ ਖ਼ਿਲਾਫ਼ ਨਾਅਰੇ ਲਗਾਏ।
ਪ੍ਰਦਰਸ਼ਨ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਦੇ ਬਜਟ ਵਿੱਚ ਲਗਭਗ 40 ਫੀਸਦੀ ਕਟੌਤੀ ਕਰਨਾ ਗਰੀਬ ਅਤੇ ਮਜ਼ਦੂਰ ਵਰਗ ਨਾਲ ਸਿੱਧੀ ਬੇਇਨਸਾਫ਼ੀ ਹੈ। ਉਨ੍ਹਾਂ ਦੱਸਿਆ ਕਿ ਮਨਰੇਗਾ ’ਤੇ ਦੇਸ਼ ਭਰ ਵਿੱਚ ਕਰੋੜਾਂ ਪਰਿਵਾਰ ਨਿਰਭਰ ਹਨ, ਜਦਕਿ ਪੰਜਾਬ ਵਿੱਚ ਕਰੀਬ 20 ਲੱਖ ਜੌਬ ਕਾਰਡ ਹੋਣ ਦੇ ਬਾਵਜੂਦ ਸਿਰਫ਼ 11 ਲੱਖ ਲੋਕਾਂ ਨੂੰ ਹੀ ਕੰਮ ਮਿਲ ਰਿਹਾ ਹੈ। ਇਸ ਕਾਰਨ ਹਜ਼ਾਰਾਂ ਮਜ਼ਦੂਰ ਬੇਰੁਜ਼ਗਾਰ ਹੋ ਰਹੇ ਹਨ।
ਸਰਵਣ ਸਿੰਘ ਪੰਧੇਰ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੀਆਂ ਇਹ ਨੀਤੀਆਂ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਹਨ, ਤਾਂ ਜੋ ਬੇਰੁਜ਼ਗਾਰੀ ਵਧਾ ਕੇ ਸਸਤੀ ਮਜ਼ਦੂਰੀ ਉਪਲਬਧ ਕਰਵਾਈ ਜਾ ਸਕੇ। ਉਨ੍ਹਾਂ ਨਾਲ ਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਖਾਮੋਸ਼ੀ ’ਤੇ ਵੀ ਸਵਾਲ ਖੜੇ ਕੀਤੇ।
ਇਸ ਮੌਕੇ ਕਿਸਾਨ ਆਗੂ ਰਣਜੀਤ ਸਿੰਘ ਕਲੇਰ ਬਾਲਾ ਨੇ ਕਿਹਾ ਕਿ ਮਨਰੇਗਾ ਅਨਸਕਿਲਡ ਮਜ਼ਦੂਰਾਂ ਲਈ ਰੋਜ਼ਗਾਰ ਦਾ ਸਭ ਤੋਂ ਵੱਡਾ ਆਸਰਾ ਸੀ। ਇਸ ਯੋਜਨਾ ਨੂੰ ਕਮਜ਼ੋਰ ਕਰਨ ਨਾਲ ਨਾ ਸਿਰਫ਼ ਬੇਰੁਜ਼ਗਾਰੀ ਵਧੇਗੀ, ਸਗੋਂ ਸਮਾਜਿਕ ਤਣਾਅ ਅਤੇ ਖੁਦਕੁਸ਼ੀਆਂ ਵਰਗੀਆਂ ਘਟਨਾਵਾਂ ਵਿੱਚ ਵੀ ਇਜ਼ਾਫ਼ਾ ਹੋ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਵਿੱਚ ਖੇਤੀਬਾੜੀ ਸੈਕਟਰ ਨੂੰ ਸ਼ਾਮਲ ਕਰਕੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣ।
ਦੋਵਾਂ ਆਗੂਆਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਨਰੇਗਾ ਨਾਲ ਜੁੜੇ ਫੈਸਲੇ ਵਾਪਸ ਨਾ ਲਏ ਗਏ, ਤਾਂ ਕਿਸਾਨ ਅਤੇ ਮਜ਼ਦੂਰ ਪੂਰੇ ਪੰਜਾਬ ਸਮੇਤ ਦੇਸ਼ ਪੱਧਰ ’ਤੇ ਵੱਡਾ ਅੰਦੋਲਨ ਛੇੜਣ ਲਈ ਮਜਬੂਰ ਹੋਣਗੇ।
Get all latest content delivered to your email a few times a month.