ਤਾਜਾ ਖਬਰਾਂ
ਮਈ 2025 ਵਿੱਚ ਭਾਰਤ–ਪਾਕਿਸਤਾਨ ਦਰਮਿਆਨ ਬਣੇ ਜੰਗੀ ਤਣਾਅ ਦੌਰਾਨ ਸਰਹੱਦੀ ਖੇਤਰ ਮਮਦੋਟ ਦੇ ਪਿੰਡ ਤਰਾਂ ਵਾਲੀ ਵਿਖੇ ਭਾਰਤੀ ਫੌਜ ਵੱਲੋਂ ਖੇਤਾਂ ਵਿੱਚ ਅਸਥਾਈ ਟਿਕਾਣਾ ਬਣਾਇਆ ਗਿਆ ਸੀ। ਇਸ ਮੁਸ਼ਕਲ ਸਮੇਂ ਦੌਰਾਨ ਸਿਰਫ਼ 10 ਸਾਲਾ ਬੱਚਾ ਸ਼ਰਵਨ ਸਿੰਘ ਫੌਜ ਦੇ ਜਵਾਨਾਂ ਨਾਲ ਦਿਨ–ਰਾਤ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਿਹਾ।
ਸ਼ਰਵਨ ਸਿੰਘ ਆਪਣੇ ਘਰ ਦੇ ਨੇੜੇ ਫੌਜੀ ਟਿਕਾਣਾ ਹੋਣ ਕਰਕੇ ਹਰ ਰੋਜ਼ ਚਾਹ, ਪਾਣੀ, ਲੱਸੀ, ਬਰਫ਼ ਅਤੇ ਘਰ ਵਿੱਚ ਉਗਾਈਆਂ ਸਬਜ਼ੀਆਂ ਫੌਜ ਦੇ ਜਵਾਨਾਂ ਤੱਕ ਪਹੁੰਚਾਂਦਾ ਰਿਹਾ। ਉਸ ਦੀ ਨਿਸ਼ਕਾਮ ਸੇਵਾ, ਦੇਸ਼ ਭਗਤੀ ਅਤੇ ਸਾਦੇ ਮਨ ਨੇ ਫੌਜ ਦੇ ਅਧਿਕਾਰੀਆਂ ਦਾ ਦਿਲ ਜਿੱਤ ਲਿਆ। ਗਰਮੀ ਦੇ ਕਠਿਨ ਦਿਨਾਂ ਵਿੱਚ ਵੀ ਉਸ ਦਾ ਹੌਂਸਲਾ ਕਦੇ ਘਟਿਆ ਨਹੀਂ।
ਬੱਚੇ ਦੇ ਇਸ ਜਜ਼ਬੇ ਤੋਂ ਪ੍ਰਭਾਵਿਤ ਹੋ ਕੇ ਫੌਜ ਵੱਲੋਂ ਉਸਨੂੰ ਪਹਿਲਾਂ ਹੀ ਬਹਾਦਰ ਬੱਚਿਆਂ ਲਈ ਇਕ ਮਿਸਾਲ ਵਜੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਉਸ ਦੀ ਪਰਿਵਾਰਕ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਫੌਜ ਦੇ ਆਲ੍ਹਾ ਅਧਿਕਾਰੀਆਂ ਨੇ ਸ਼ਰਵਨ ਦੀ ਪੜਾਈ ਲਈ ਖ਼ਾਸ ਕਦਮ ਚੁੱਕੇ। ਉਸਨੂੰ ਗੋਦ ਲੈ ਕੇ ਸਰਕਾਰੀ ਸਕੂਲ ਦੀ ਥਾਂ ਮੰਦੋੜ ਦੇ ਇਕ ਨਿੱਜੀ ਸਕੂਲ ਵਿੱਚ ਦਾਖਲਾ ਕਰਵਾਇਆ ਗਿਆ ਤਾਂ ਜੋ ਉਸਦਾ ਭਵਿੱਖ ਹੋਰ ਚਮਕਦਾਰ ਬਣ ਸਕੇ।
ਜਦੋਂ ਇਹ ਖ਼ਬਰ ਮੀਡੀਆ ਰਾਹੀਂ ਸਾਹਮਣੇ ਆਈ ਤਾਂ ਸ਼ਰਵਨ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਫੌਜ ਦੇ ਉੱਚ ਅਧਿਕਾਰੀਆਂ ਨੇ ਉਸਦਾ ਨਾਮ 26 ਦਸੰਬਰ ਨੂੰ ਮਨਾਏ ਜਾਣ ਵਾਲੇ ਬਾਲ ਰਾਸ਼ਟਰੀ ਦਿਵਸ ਮੌਕੇ ਦਿੱਤੇ ਜਾਣ ਵਾਲੇ ਬਾਲ ਰਾਸ਼ਟਰੀ ਪੁਰਸਕਾਰ ਲਈ ਚੁਣਿਆ। ਅੱਜ ਸਵੇਰੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਫੌਜ ਦੇ ਅਧਿਕਾਰੀਆਂ ਵੱਲੋਂ ਵਿਸ਼ੇਸ਼ ਵਾਹਨ ਰਾਹੀਂ ਸ਼ਰਵਨ ਸਿੰਘ ਨੂੰ ਅੰਮ੍ਰਿਤਸਰ ਏਅਰਪੋਰਟ ਲਿਜਾਇਆ ਗਿਆ, ਜਿੱਥੋਂ ਉਹ ਦਿੱਲੀ ਲਈ ਰਵਾਨਾ ਹੋਇਆ।
ਇਸ ਮੌਕੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ। ਸ਼ਰਵਨ ਦੀ ਮਾਂ ਨੇ ਦੱਸਿਆ ਕਿ ਇਹ ਪੰਜਾਬ ਲਈ ਮਾਣ ਦੀ ਗੱਲ ਹੈ ਕਿ ਸੂਬੇ ਦਾ ਬੱਚਾ ਬਾਲ ਰਾਸ਼ਟਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਉਸ ਨੇ ਕਿਹਾ ਕਿ ਬੱਚੇ ਦੀ ਸੇਵਾ ਭਾਵਨਾ ਅਤੇ ਦੇਸ਼ ਪ੍ਰਤੀ ਪਿਆਰ ਨੇ ਸਾਰੇ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਸ਼ਰਵਨ ਦੀ ਤਾਈ, ਵੱਡੀ ਭੈਣ ਅਤੇ ਦਾਦੇ ਨੇ ਵੀ ਫੌਜ ਦੇ ਆਲ੍ਹਾ ਅਧਿਕਾਰੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਇਸ ਮੌਕੇ ਨੂੰ ਗਰਵ ਦਾ ਪਲ ਦੱਸਿਆ।
Get all latest content delivered to your email a few times a month.