ਤਾਜਾ ਖਬਰਾਂ
ਸੀਰੀਆ ਦੇ ਕੇਂਦਰੀ ਸ਼ਹਿਰ ਹੋਮਸ ਵਿੱਚ ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਅਦਾ ਕੀਤੀ ਜਾ ਰਹੀ ਸੀ, ਉਸ ਸਮੇਂ ਇੱਕ ਮਸਜਿਦ ਅੰਦਰ ਭਿਆਨਕ ਧਮਾਕਾ ਹੋ ਗਿਆ। ਇਹ ਧਮਾਕਾ ਅਲਾਵਾਈ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਇਮਾਮ ਅਲੀ ਬਿਨ ਅਬੀ ਤਾਲਿਬ ਮਸਜਿਦ ਵਿੱਚ ਵਾਪਰਿਆ, ਜਿਸ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਨਮਾਜ਼ੀ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ।
ਸਥਾਨਕ ਪ੍ਰਸ਼ਾਸਨ ਅਨੁਸਾਰ ਧਮਾਕਾ ਦੁਪਹਿਰ ਦੇ ਵੇਲੇ ਹੋਇਆ, ਜਦੋਂ ਮਸਜਿਦ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਧਮਾਕੇ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਮਸਜਿਦ ਦੇ ਅੰਦਰ ਹੀ ਇੱਕ ਵਿਸਫੋਟਕ ਯੰਤਰ ਲਗਾਇਆ ਗਿਆ ਸੀ।
ਸੀਰੀਆ ਦੇ ਸਿਹਤ ਮੰਤਰਾਲੇ ਦੇ ਅਧਿਕਾਰੀ ਨਜੀਬ ਅਲ-ਨਸਾਨ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਰਕਾਰੀ ਮੀਡੀਆ ਸਾਨਾ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਮਸਜਿਦ ਅੰਦਰ ਹਰ ਪਾਸੇ ਮਲਬਾ, ਟੁੱਟੀਆਂ ਦਿਵਾਰਾਂ ਅਤੇ ਰਾਹਤ ਕਰਮਚਾਰੀਆਂ ਵੱਲੋਂ ਬਚਾਅ ਕਾਰਵਾਈ ਦਿਖਾਈ ਦੇ ਰਹੀ ਹੈ।
ਘਟਨਾ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਵੀ ਸੰਗਠਨ ਨੇ ਨਹੀਂ ਲਈ। ਇਸ ਦਰਮਿਆਨ ਸੀਰੀਆ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਇਸ ਹਮਲੇ ਨੂੰ ਅੱਤਵਾਦੀ ਅਤੇ ਕਾਇਰਾਨਾ ਕਰਾਰ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਕਾਰਵਾਈਆਂ ਦਾ ਮਕਸਦ ਦੇਸ਼ ਵਿੱਚ ਅਸਥਿਰਤਾ ਪੈਦਾ ਕਰਨਾ ਹੈ। ਮੰਤਰਾਲੇ ਨੇ ਦੋਹਰਾਇਆ ਕਿ ਸੀਰੀਆ ਅੱਤਵਾਦ ਦੇ ਹਰ ਰੂਪ ਦਾ ਡਟ ਕੇ ਮੁਕਾਬਲਾ ਕਰੇਗਾ ਅਤੇ ਰਾਸ਼ਟਰੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਾਬਕਾ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਸੱਤਾ ਤੋਂ ਹਟਣ ਤੋਂ ਬਾਅਦ ਸੀਰੀਆ ਵਿੱਚ ਸੰਪਰਦਾਇਕ ਤਣਾਅ ਅਤੇ ਹਿੰਸਕ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਅਲ-ਅਸਦ ਅਲਾਵਾਈ ਸੰਪਰਦਾ ਨਾਲ ਸਬੰਧਤ ਸਨ, ਜਦਕਿ ਹੁਣ ਦੇਸ਼ ਵਿੱਚ ਸੁੰਨੀ ਬਹੁਗਿਣਤੀ ਵਾਲੀ ਸਰਕਾਰ ਸੱਤਾ ਵਿੱਚ ਹੈ। ਇਸ ਪਿਛੋਕੜ ਵਿੱਚ ਹੋਇਆ ਇਹ ਹਮਲਾ ਸੀਰੀਆ ਦੀ ਅਸਥਿਰ ਸੁਰੱਖਿਆ ਸਥਿਤੀ ਵੱਲ ਇੱਕ ਹੋਰ ਗੰਭੀਰ ਇਸ਼ਾਰਾ ਮੰਨਿਆ ਜਾ ਰਿਹਾ ਹੈ।
Get all latest content delivered to your email a few times a month.