ਤਾਜਾ ਖਬਰਾਂ
ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਕੰਧਵਾਲਾ ਰੋਡ ‘ਤੇ ਇੱਕ ਵਿਅਕਤੀ ਨੇ ਕਥਿਤ ਤੌਰ ‘ਤੇ ਆਪਣੀ ਪਤਨੀ ਅਤੇ ਦੋ ਨਿੱਕੇ ਬੱਚਿਆਂ ਨੂੰ ਨਹਿਰ ਵਿੱਚ ਧੱਕ ਦਿੱਤਾ ਅਤੇ ਫਿਰ ਖੁਦ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ। ਘਟਨਾ ਦੌਰਾਨ ਰਾਹਗੀਰਾਂ ਦੀ ਤੁਰੰਤ ਸੂਝਬੂਝ ਕਾਰਨ ਪਤੀ, ਪਤਨੀ ਅਤੇ ਦੋ ਸਾਲਾ ਬੱਚੇ ਦੀ ਜਾਨ ਬਚ ਗਈ, ਪਰ ਤਿੰਨ ਮਹੀਨੇ ਦਾ ਮਾਸੂਮ ਪੁੱਤਰ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ, ਜਿਸ ਦੀ ਭਾਲ ਜਾਰੀ ਹੈ।
ਪੀੜਤ ਮਹਿਲਾ ਵੀਨਾ ਰਾਣੀ, ਜੋ ਕਿ ਪਿੰਡ ਰੁਕਨਪੁਰਾ ਖੂਈਖੇੜਾ ਦੀ ਵਸਨੀਕ ਹੈ, ਨੇ ਦੱਸਿਆ ਕਿ ਉਸਦਾ ਪਤੀ ਬਲਵਿੰਦਰ ਸਿੰਘ ਮਜ਼ਦੂਰੀ ਕਰਦਾ ਹੈ। ਸ਼ੁੱਕਰਵਾਰ ਨੂੰ ਉਹ ਉਸਨੂੰ ਇਹ ਕਹਿ ਕੇ ਮੋਟਰਸਾਈਕਲ ‘ਤੇ ਸ਼ਹਿਰ ਲੈ ਆਇਆ ਕਿ ਕਿਸੇ ਕੋਲੋਂ ਪੈਸੇ ਲੈਣੇ ਹਨ। ਇਸ ਦੌਰਾਨ ਉਹ ਆਪਣੇ ਦੋ ਸਾਲਾ ਪੁੱਤਰ ਗੁਰਦੀਪ ਅਤੇ ਤਿੰਨ ਮਹੀਨੇ ਦੇ ਪੁੱਤਰ ਖੁਸ਼ਦੀਪ ਨੂੰ ਨਾਲ ਲੈ ਕੇ ਆਈ। ਰਸਤੇ ਵਿੱਚ ਪਤੀ ਨੇ ਨਹਿਰ ਕੋਲ ਮੋਟਰਸਾਈਕਲ ਰੋਕੀ ਅਤੇ ਅਚਾਨਕ ਉਸਨੂੰ ਤੇ ਬੱਚਿਆਂ ਨੂੰ ਨਹਿਰ ਵਿੱਚ ਧੱਕ ਦਿੱਤਾ, ਜਿਸ ਤੋਂ ਬਾਅਦ ਖੁਦ ਵੀ ਛਾਲ ਮਾਰ ਦਿੱਤੀ। ਮਹਿਲਾ ਨੇ ਦੋਸ਼ ਲਗਾਇਆ ਕਿ ਇਹ ਉਸਨੂੰ ਅਤੇ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਸੀ।
ਉੱਥੇ ਹੀ, ਪਤੀ ਬਲਵਿੰਦਰ ਸਿੰਘ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਨਹਿਰ ਦੇ ਕੰਢੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਰਸਮ ਕਰ ਰਿਹਾ ਸੀ। ਇਸ ਦੌਰਾਨ ਉਹ ਅਚਾਨਕ ਨਹਿਰ ਵਿੱਚ ਡਿੱਗ ਗਏ ਅਤੇ ਉਨ੍ਹਾਂ ਨੂੰ ਬਚਾਉਣ ਲਈ ਉਸਨੇ ਵੀ ਛਾਲ ਮਾਰ ਦਿੱਤੀ।
ਇਸ ਘਟਨਾ ਵੇਲੇ ਕਿੱਕਰਖੇੜਾ ਅਤੇ ਕੰਧਵਾਲਾ ਅਮਰਕੋਟ ਦੇ ਰਹਿਣ ਵਾਲੇ ਸੰਜੇ ਕੁਮਾਰ ਨੇ ਪਰਿਵਾਰ ਨੂੰ ਡੁੱਬਦਾ ਦੇਖਿਆ ਅਤੇ ਤੁਰੰਤ ਨਹਿਰ ਵਿੱਚ ਛਾਲ ਮਾਰ ਕੇ ਤਿੰਨ ਜਣਿਆਂ ਦੀ ਜਾਨ ਬਚਾਈ। ਘਟਨਾ ਦੀ ਸੂਚਨਾ 112 ਪੁਲਿਸ ਹੈਲਪਲਾਈਨ ‘ਤੇ ਦਿੱਤੀ ਗਈ।
ਸੂਚਨਾ ਮਿਲਦੇ ਹੀ 112 ਟੀਮ ਅਤੇ ਥਾਣਾ ਨੰਬਰ 2 ਦੇ ਏਐਸਆਈ ਗੁਰਚਰਨ ਸਿੰਘ ਪੁਲਿਸ ਬਲ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਪਰਿਵਾਰ ਦੇ ਬਿਆਨ ਦਰਜ ਕਰਕੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਅਤੇ ਲਾਪਤਾ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਮਾਮਲੇ ਦੀ ਜਾਂਚ ਜਾਰੀ ਹੈ।
Get all latest content delivered to your email a few times a month.