IMG-LOGO
ਹੋਮ ਪੰਜਾਬ: ਗੁਰਵਿੰਦਰ ਸਿੰਘ ਕਤਲ ਕੇਸ: ਗ੍ਰਿਫ਼ਤਾਰ ਨਰਸਿੰਗ ਵਿਦਿਆਰਥਣ ਨੂੰ ਅਦਾਲਤ ਵੱਲੋਂ...

ਗੁਰਵਿੰਦਰ ਸਿੰਘ ਕਤਲ ਕੇਸ: ਗ੍ਰਿਫ਼ਤਾਰ ਨਰਸਿੰਗ ਵਿਦਿਆਰਥਣ ਨੂੰ ਅਦਾਲਤ ਵੱਲੋਂ ਸਾਲਾਨਾ ਪ੍ਰੀਖਿਆ ਦੇਣ ਦੀ ਮਨਜ਼ੂਰੀ

Admin User - Dec 27, 2025 08:12 PM
IMG

ਫਰੀਦਕੋਟ ਦੀ ਜੇਐਮਆਈਸੀ ਜੁਗਰਾਜ ਸਿੰਘ ਦੀ ਅਦਾਲਤ ਨੇ ਪਿੰਡ ਸੁੱਖਣਵਾਲਾ ਦੇ ਗੁਰਵਿੰਦਰ ਸਿੰਘ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਨਰਸਿੰਗ ਵਿਦਿਆਰਥਣ ਵੀਰਿੰਦਰ ਕੌਰ ਨੂੰ ਵੱਡੀ ਰਾਹਤ ਦਿੰਦਿਆਂ ਉਸਨੂੰ ਆਪਣੀ ਸਾਲਾਨਾ ਪ੍ਰੀਖਿਆ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਇਸ ਸਬੰਧ ਵਿੱਚ ਜੇਲ੍ਹ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਨੂੰ ਲੋੜੀਂਦੇ ਸੁਰੱਖਿਆ ਅਤੇ ਪ੍ਰਬੰਧਕੀ ਇੰਤਜ਼ਾਮ ਕਰਨ ਦੇ ਸਪਸ਼ਟ ਹੁਕਮ ਜਾਰੀ ਕੀਤੇ ਹਨ।

ਜਾਣਕਾਰੀ ਮੁਤਾਬਕ, ਵੀਰਿੰਦਰ ਕੌਰ ਮੋਗਾ ਦੇ ਇੱਕ ਨਿੱਜੀ ਕਾਲਜ ਤੋਂ ਆਪ੍ਰੇਸ਼ਨ ਥੀਏਟਰ ਟੈਕਨਾਲੋਜੀ ਕੋਰਸ ਕਰ ਰਹੀ ਹੈ ਅਤੇ ਇਸ ਸਮੇਂ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹੈ। ਉਸਨੂੰ ਸਦਰ ਪੁਲਿਸ ਸਟੇਸ਼ਨ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਅਨੁਸਾਰ, ਵੀਰਿੰਦਰ ਕੌਰ ਮੁੱਖ ਮੁਲਜ਼ਮ ਰੁਪਿੰਦਰ ਕੌਰ ਦੀ ਨੇੜਲੀ ਸਹੇਲੀ ਹੈ ਅਤੇ ਉਸ ‘ਤੇ ਕਤਲ ਦੀ ਸਾਜ਼ਿਸ਼ ਵਿੱਚ ਸਹਿਯੋਗ ਕਰਨ ਦੇ ਆਰੋਪ ਲਗੇ ਹਨ।

ਵੀਰਿੰਦਰ ਕੌਰ ਦੀ ਤੀਜੇ ਸਮੈਸਟਰ ਦੀ ਸਾਲਾਨਾ ਪ੍ਰੀਖਿਆ 29 ਦਸੰਬਰ ਤੋਂ 7 ਜਨਵਰੀ 2026 ਤੱਕ ਨਿਰਧਾਰਤ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਉਸਨੇ ਆਪਣੇ ਵਕੀਲ ਗੁਰਜੰਗਪਾਲ ਸਿੰਘ ਰਾਹੀਂ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ। ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਬਾਅਦ ਅਦਾਲਤ ਨੇ ਵਿਦਿਆਰਥਣ ਨੂੰ ਪ੍ਰੀਖਿਆ ਦੇਣ ਦੀ ਮਨਜ਼ੂਰੀ ਪ੍ਰਦਾਨ ਕੀਤੀ।

ਅਦਾਲਤ ਦੇ ਹੁਕਮਾਂ ਅਨੁਸਾਰ, ਪ੍ਰੀਖਿਆ ਨਾਲ ਸੰਬੰਧਿਤ ਸਾਰੇ ਖਰਚੇ ਆਰੋਪੀ ਵਿਦਿਆਰਥਣ ਵੱਲੋਂ ਜੇਲ੍ਹ ਸੁਪਰਡੈਂਟ ਕੋਲ ਜਮ੍ਹਾਂ ਕਰਵਾਏ ਜਾਣਗੇ। ਇਸ ਦੇ ਨਾਲ ਹੀ, ਉਸਨੂੰ ਦੋ ਜ਼ਮਾਨਤਾਂ ਸਮੇਤ 2 ਲੱਖ ਰੁਪਏ ਦਾ ਨਿੱਜੀ ਜ਼ਮਾਨਤ ਬਾਂਡ ਵੀ ਭਰਨਾ ਹੋਵੇਗਾ। ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਆਰੋਪੀ ਜਾਂਚ ਜਾਂ ਗਵਾਹਾਂ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰੇਗੀ।

ਪ੍ਰੀਖਿਆ ਦੌਰਾਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ, ਜਾਂਚ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਹਰ ਸਮੇਂ ਦੋ ਪੁਲਿਸ ਮੁਲਾਜ਼ਮ ਆਰੋਪੀ ਦੇ ਨਾਲ ਮੌਜੂਦ ਰਹਿਣ। ਵੀਰਿੰਦਰ ਕੌਰ ਨੂੰ ਜੇਲ੍ਹ ਤੋਂ ਪ੍ਰੀਖਿਆ ਕੇਂਦਰ ਤੱਕ ਲਿਜਾ ਕੇ ਮੁੜ ਜੇਲ੍ਹ ਵਾਪਸ ਲਿਆਂਦਾ ਜਾਵੇਗਾ।

ਜ਼ਿਕਰਯੋਗ ਹੈ ਕਿ ਗੁਰਵਿੰਦਰ ਸਿੰਘ ਦਾ ਕਤਲ 28 ਅਤੇ 29 ਨਵੰਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਸੁੱਖਣਵਾਲਾ ਵਿੱਚ ਹੋਇਆ ਸੀ। ਇਸ ਮਾਮਲੇ ਵਿੱਚ ਪੁਲਿਸ ਹੁਣ ਤੱਕ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ, ਉਸਦਾ ਪ੍ਰੇਮੀ ਹਰਕਮਲਪ੍ਰੀਤ ਸਿੰਘ, ਪ੍ਰੇਮੀ ਦਾ ਦੋਸਤ ਵਿਸ਼ਵਜੀਤ ਕੁਮਾਰ ਅਤੇ ਰੁਪਿੰਦਰ ਦੀ ਸਹੇਲੀ ਵੀਰਿੰਦਰ ਕੌਰ ਸਮੇਤ ਕੁੱਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.