ਤਾਜਾ ਖਬਰਾਂ
ਜਲੰਧਰ ਜ਼ਿਲ੍ਹੇ ਦੇ ਪਿੰਡ ਜਮਸ਼ੇਰ ਵਿੱਚ ਬਣ ਰਹੇ ਥਿੰਦ ਬਾਇਓਗੈਸ ਪਲਾਂਟ ਦੇ ਵਿਰੋਧ ਵਿੱਚ ਸ਼ਨਿੱਚਰਵਾਰ ਦੁਪਹਿਰ ਕਿਸਾਨਾਂ ਅਤੇ ਪਿੰਡ ਵਾਸੀਆਂ ਵੱਲੋਂ ਭਾਰੀ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਧਰਨਾ ਲਗਾ ਕੇ ਕੰਮ ਰੁਕਵਾਇਆ ਅਤੇ ਦੋਸ਼ ਲਗਾਇਆ ਕਿ ਪਲਾਂਟ ਲਈ ਮਨਜ਼ੂਰੀ ਕਥਿਤ ਤੌਰ ‘ਤੇ ਉਨ੍ਹਾਂ ਦੇ ਦਸਤਖ਼ਤਾਂ ਨਾਲ ਲਈ ਗਈ, ਜਦਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਿਸੇ ਨੇ ਵੀ ਅਜਿਹਾ ਕੋਈ ਦਸਤਾਵੇਜ਼ ਸਾਇਨ ਨਹੀਂ ਕੀਤਾ।
ਹਾਲਾਤ ਤਣਾਅਪੂਰਨ ਹੋਣ ‘ਤੇ ਪੁਲਿਸ ਫੋਰਸ ਮੌਕੇ ‘ਤੇ ਪਹੁੰਚੀ, ਜਿਸ ਤੋਂ ਬਾਅਦ ਕਿਸਾਨਾਂ ਅਤੇ ਪੁਲਿਸ ਦਰਮਿਆਨ ਤੀਖੀ ਬਹਿਸ ਹੋ ਗਈ। ਵਿਵਾਦ ਦਾ ਕੇਂਦਰ ਪਲਾਂਟ ਲਈ ਬਣਾਏ ਜਾ ਰਹੇ ਐਂਟਰੀ ਰਸਤੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਦੋ ਗੇਟ ਬਣਾਉਣ ਦੀ ਯੋਜਨਾ ਸੀ, ਪਰ ਹੁਣ ਸਿਰਫ ਇੱਕ ਹੀ ਪ੍ਰਵੇਸ਼ ਰਸਤਾ ਤਿਆਰ ਕੀਤਾ ਜਾ ਰਿਹਾ ਹੈ, ਜੋ ਪਿੰਡ ਅਤੇ ਖੇਤੀਬਾੜੀ ਦੀ ਆਵਾਜਾਈ ਲਈ ਸਮੱਸਿਆਵਾਂ ਪੈਦਾ ਕਰੇਗਾ।
ਵਿਰੋਧ ਦੌਰਾਨ ਕਿਸਾਨ ਟਰੈਕਟਰਾਂ ਸਮੇਤ ਮੌਕੇ ‘ਤੇ ਪਹੁੰਚੇ ਅਤੇ ਨਿਰਮਾਣ ਕਾਰਜ ਨੂੰ ਰੋਕ ਦਿੱਤਾ। ਨਾਅਰੇਬਾਜ਼ੀ ਦੇ ਨਾਲ ਮਾਹੌਲ ਹੋਰ ਭੜਕ ਗਿਆ। ਕਿਸਾਨਾਂ ਨੇ ਦਾਅਵਾ ਕੀਤਾ ਕਿ ਪੁਲਿਸ ਵੱਲੋਂ ਇੱਕ ਪ੍ਰਦਰਸ਼ਨਕਾਰੀ ਨਾਲ ਡੰਡਿਆਂ ਨਾਲ ਮਾਰਪੀਟ ਵੀ ਕੀਤੀ ਗਈ। ਸਾਹਮਣੇ ਆਈਆਂ ਵੀਡੀਓਜ਼ ‘ਚ ਪੁਲਿਸ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਦੀ ਨਜ਼ਰ ਆ ਰਹੀ ਹੈ, ਜਿਸ ਨਾਲ ਸਥਿਤੀ ਹੋਰ ਗੰਭੀਰ ਬਣ ਗਈ ਅਤੇ ਆਖ਼ਰਕਾਰ ਪੁਲਿਸ ਨੂੰ ਪਿੱਛੇ ਹਟਣਾ ਪਿਆ।
ਦੂਜੇ ਪਾਸੇ, ਬਾਇਓਗੈਸ ਪਲਾਂਟ ਦੇ ਮੈਨੇਜਰ ਨੇ ਕਿਹਾ ਕਿ ਜ਼ਮੀਨ ਦੋ ਸਾਲਾਂ ਦੀ ਲੀਜ਼ ‘ਤੇ ਲੀ ਗਈ ਸੀ ਅਤੇ ਪਿਛਲੇ ਤਿੰਨ ਸਾਲਾਂ ਤੋਂ ਕਿਸਾਨਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ। ਪ੍ਰਸ਼ਾਸਨ ਵੱਲੋਂ ਦੋਵੇਂ ਧਿਰਾਂ ਨੂੰ ਸੁਣ ਕੇ ਕਿਸਾਨਾਂ ਨੂੰ ਸੋਮਵਾਰ ਤੱਕ ਮੀਟਿੰਗ ਦੀ ਮਿਤੀ ਦਿੱਤੀ ਗਈ ਹੈ। ਕਿਸਾਨਾਂ ਨੇ ਸਾਫ਼ ਕੀਤਾ ਕਿ ਜੇਕਰ ਦੋ ਪ੍ਰਵੇਸ਼ ਰਸਤਿਆਂ ਦੀ ਮੰਗ ਪੂਰੀ ਨਾ ਹੋਈ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
Get all latest content delivered to your email a few times a month.