ਤਾਜਾ ਖਬਰਾਂ
ਦੱਖਣੀ ਭਾਰਤ ਅਤੇ ਬਾਲੀਵੁੱਡ ਵਿੱਚ ਪ੍ਰਸਿੱਧੀ ਖੱਟਣ ਵਾਲੀ ਅਦਾਕਾਰਾ ਰਕੁਲ ਪ੍ਰੀਤ ਸਿੰਘ ਦੇ ਭਰਾ ਅਮਨ ਪ੍ਰੀਤ ਸਿੰਘ ਦਾ ਨਾਂ ਹੈਦਰਾਬਾਦ ਵਿੱਚ ਚੱਲ ਰਹੇ ਇੱਕ ਵੱਡੇ ਡਰੱਗਜ਼ ਕੇਸ ਵਿੱਚ ਸਾਹਮਣੇ ਆਇਆ ਹੈ। ਹੈਦਰਾਬਾਦ ਪੁਲਿਸ ਨੇ ਸ਼ਹਿਰ ਦੇ ਮਸਾਬ ਟੈਂਕ ਇਲਾਕੇ ਨਾਲ ਜੁੜੇ ਇਸ ਹਾਈ-ਪ੍ਰੋਫਾਈਲ ਮਾਮਲੇ ਵਿੱਚ ਅਮਨ ਪ੍ਰੀਤ ਸਿੰਘ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ। ਵਰਤਮਾਨ ਵਿੱਚ ਉਹ ਫਰਾਰ ਹੈ ਅਤੇ ਉਸਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਕੋਕੀਨ ਅਤੇ MDMA ਜ਼ਬਤ ਹੋਣ ਮਗਰੋਂ ਕਾਰਵਾਈ
ਇਹ ਮਾਮਲਾ 19 ਦਸੰਬਰ ਨੂੰ ਸ਼ੁਰੂ ਹੋਇਆ, ਜਦੋਂ ਮਸਾਬ ਟੈਂਕ ਖੇਤਰ ਵਿੱਚ ਚਾਚਾ ਨਹਿਰੂ ਪਾਰਕ ਨੇੜੇ ਇੱਕ ਖਾਸ ਆਪ੍ਰੇਸ਼ਨ ਦੌਰਾਨ ਵੱਡੀ ਮਾਤਰਾ ਵਿੱਚ ਕੋਕੀਨ ਅਤੇ ਐਮਡੀਐਮਏ (MDMA) ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਕਬਜ਼ੇ, ਆਵਾਜਾਈ ਅਤੇ ਵਿਕਰੀ ਦੇ ਦੋਸ਼ ਵਿੱਚ ਦੋ ਮੁੱਖ ਸ਼ੱਕੀ— ਮਲਕਾਪੇਟ ਦੇ ਇੱਕ ਰੀਅਲ ਅਸਟੇਟ ਬ੍ਰੋਕਰ ਨਿਤਿਨ ਸਿੰਘਾਨੀਆ (35) ਅਤੇ ਟਰੂਪ ਬਾਜ਼ਾਰ ਦੇ ਵਪਾਰੀ ਸ਼ਰਣਿਕ ਸਿੰਘਵੀ (36)— ਨੂੰ ਗ੍ਰਿਫ਼ਤਾਰ ਕੀਤਾ ਸੀ।
ਅਫਰੀਕੀ ਕੋਰੀਅਰ ਰਾਹੀਂ ਹੁੰਦੀ ਸੀ ਸਪਲਾਈ
ਨਸ਼ੀਲੇ ਪਦਾਰਥਾਂ ਦੀ ਡਿਲੀਵਰੀ ਦੀ ਯੋਜਨਾ ਬਾਰੇ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ, ਪੁਲਿਸ ਨੇ ਪਾਰਕ ਦੇ ਪਾਰਕਿੰਗ ਖੇਤਰ ਨੇੜੇ ਇੱਕ ਸਲੇਟੀ ਰੰਗ ਦੀ ਕਾਰ ਨੂੰ ਰੋਕਿਆ। ਤਲਾਸ਼ੀ ਦੌਰਾਨ, ਅਧਿਕਾਰੀਆਂ ਨੇ ਵਾਹਨ ਦੇ ਡੈਸ਼ਬੋਰਡ ਵਿੱਚ ਲੁਕਾਏ ਗਏ 43.7 ਗ੍ਰਾਮ ਕੋਕੀਨ ਅਤੇ 11.5 ਗ੍ਰਾਮ ਐਮਡੀਐਮਏ (MDMA) ਬਰਾਮਦ ਕੀਤੇ।
ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਮੁਲਜ਼ਮਾਂ ਨੇ ਕਥਿਤ ਤੌਰ 'ਤੇ ਦੱਸਿਆ ਕਿ ਉਹ ਇਹ ਨਸ਼ੀਲੇ ਪਦਾਰਥ ਇੱਕ ਨਾਈਜੀਰੀਅਨ ਸਪਲਾਇਰ ਤੋਂ ਪ੍ਰਾਪਤ ਕਰ ਰਹੇ ਸਨ। ਪਤਾ ਲੱਗਾ ਹੈ ਕਿ ਨਸ਼ੀਲੇ ਪਦਾਰਥ ਅਫਰੀਕੀ ਕੋਰੀਅਰਾਂ ਰਾਹੀਂ ਹੈਦਰਾਬਾਦ ਪਹੁੰਚਾਏ ਜਾਂਦੇ ਸਨ ਅਤੇ ਖਪਤਕਾਰਾਂ ਦੇ ਇੱਕ ਸੀਮਤ ਸਮੂਹ ਨੂੰ ਵੇਚੇ ਜਾਂਦੇ ਸਨ। 24 ਦਸੰਬਰ ਨੂੰ, ਪੁਲਿਸ ਨੇ ਇਸ ਮਾਮਲੇ ਵਿੱਚ ਦੋ ਅਫ਼ਰੀਕੀ ਨਾਗਰਿਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਪਿਛਲੇ ਕੇਸਾਂ 'ਚ ਵੀ ਨਾਮਜ਼ਦ
ਹੋਰ ਪੁੱਛਗਿੱਛ ਵਿੱਚ ਅਮਨ ਪ੍ਰੀਤ ਸਿੰਘ ਸਮੇਤ ਚਾਰ ਕਥਿਤ ਨਸ਼ੀਲੇ ਪਦਾਰਥਾਂ ਦੇ ਖਪਤਕਾਰਾਂ (Consumers) ਦਾ ਖੁਲਾਸਾ ਹੋਇਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਮਨ ਪ੍ਰੀਤ ਸਿੰਘ ਪਹਿਲਾਂ ਵੀ ਸਾਈਬਰਾਬਾਦ ਪੁਲਿਸ ਵੱਲੋਂ ਦਰਜ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ, ਜਿਸ ਵਿੱਚ ਨਰਸਿੰਗੀ ਪੁਲਿਸ ਸਟੇਸ਼ਨ ਵਿੱਚ ਦਰਜ ਇੱਕ ਮਾਮਲਾ ਵੀ ਸ਼ਾਮਲ ਹੈ। ਪੁਲਿਸ ਅਧਿਕਾਰੀਆਂ ਨੇ ਫਰਾਰ ਅਮਨ ਪ੍ਰੀਤ ਸਿੰਘ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
Get all latest content delivered to your email a few times a month.