IMG-LOGO
ਹੋਮ ਪੰਜਾਬ: ਸ੍ਰੀ ਅਕਾਲ ਤਖਤ ਸਾਹਿਬ ਤੋਂ ਸਖ਼ਤ ਹੁਕਮ: ਮੈਰਿਜ ਪੈਲਸਾਂ, ਰਿਜ਼ੋਰਟਾਂ...

ਸ੍ਰੀ ਅਕਾਲ ਤਖਤ ਸਾਹਿਬ ਤੋਂ ਸਖ਼ਤ ਹੁਕਮ: ਮੈਰਿਜ ਪੈਲਸਾਂ, ਰਿਜ਼ੋਰਟਾਂ ਤੇ ਵਪਾਰਕ ਥਾਵਾਂ ‘ਤੇ ਆਨੰਦ ਕਾਰਜ ਪੂਰੀ ਤਰ੍ਹਾਂ ਮਨ੍ਹਾਂ

Admin User - Dec 28, 2025 05:50 PM
IMG

ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰਾਲੇ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਇਕ ਅਹਿਮ ਇਕੱਤਰਤਾ ਹੋਈ, ਜਿਸ ਦੀ ਅਗਵਾਈ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੀਤੀ ਗਈ। ਮੀਟਿੰਗ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅਧੀਨ ਪੰਥਕ ਮੁੱਦਿਆਂ ‘ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਇਕੱਤਰਤਾ ਵਿੱਚ ਸਭ ਤੋਂ ਪਹਿਲਾਂ ਸਿੱਖ ਸੰਗਤਾਂ ਵੱਲੋਂ ਆ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਮੈਰਿਜ ਪੈਲਸਾਂ, ਰਿਜ਼ੋਰਟਾਂ, ਸਮੁੰਦਰਾਂ ਦੇ ਕੰਢਿਆਂ, ਬੀਚਾਂ ਅਤੇ ਵਪਾਰਕ ਫਾਰਮ ਹਾਊਸਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਕਰਵਾਉਣ ਦੇ ਮਾਮਲੇ ‘ਤੇ ਵਿਚਾਰ ਕੀਤਾ ਗਿਆ। ਪੰਜ ਸਿੰਘ ਸਾਹਿਬਾਨ ਨੇ ਪਹਿਲਾਂ ਜਾਰੀ ਹੁਕਮਨਾਮਿਆਂ (1998 ਅਤੇ 2023) ਦੀ ਰੌਸ਼ਨੀ ਵਿੱਚ ਫੈਸਲਾ ਕਰਦਿਆਂ ਸਪਸ਼ਟ ਹੁਕਮ ਦਿੱਤਾ ਕਿ ਅਜਿਹੀਆਂ ਥਾਵਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਜਾਣ ਅਤੇ ਉੱਥੇ ਆਨੰਦ ਕਾਰਜ ਕਰਨ ‘ਤੇ ਪੂਰਨ ਪਾਬੰਦੀ ਰਹੇਗੀ।

ਜਥੇਦਾਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ, ਪ੍ਰਬੰਧਕ, ਸੇਵਾਦਾਰ ਅਤੇ ਸਮੂਹ ਰਾਗੀ ਜਥਿਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਇਨ੍ਹਾਂ ਹੁਕਮਾਂ ਦੀ ਪੂਰੀ ਪਾਲਣਾ ਕਰਨ। ਉਲੰਘਣਾ ਕਰਨ ਵਾਲਿਆਂ, ਚਾਹੇ ਉਹ ਪਾਵਨ ਸਰੂਪ ਦੇਣ ਵਾਲੇ ਹੋਣ, ਰਾਗੀ ਜਥੇ ਹੋਣ ਜਾਂ ਮੈਰਿਜ ਪੈਲਸਾਂ ਅਤੇ ਵਪਾਰਕ ਸਥਾਨਾਂ ਦੇ ਮਾਲਕ, ਸਭ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਖਾਸ ਤੌਰ ‘ਤੇ ਚੰਡੀਗੜ੍ਹ ਅਤੇ ਇਸਦੇ ਨੇੜਲੇ ਇਲਾਕਿਆਂ ‘ਚ ਅਜਿਹੇ ਮਾਮਲਿਆਂ ਦੇ ਵਧਣ ‘ਤੇ ਗੰਭੀਰ ਚਿੰਤਾ ਜਤਾਈ ਗਈ। ਇਕ ਹੋਰ ਮਹੱਤਵਪੂਰਨ ਮਸਲੇ ਤਹਿਤ ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ, ਪੁਰਾਤਨ ਸਿੱਖ ਯੋਧਿਆਂ, ਸ਼ਹੀਦਾਂ ਅਤੇ ਸਿੱਖ ਇਤਿਹਾਸ ‘ਤੇ ਬਣ ਰਹੀਆਂ ਫਿਲਮਾਂ, ਐਨੀਮੇਸ਼ਨ ਫਿਲਮਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨਾਲ ਤਿਆਰ ਕੀਤੀਆਂ ਵੀਡੀਓਜ਼ ਬਾਰੇ ਵਿਸਥਾਰ ਨਾਲ ਚਰਚਾ ਹੋਈ। ਪੰਜ ਸਿੰਘ ਸਾਹਿਬਾਨ ਨੇ ਮੰਨਿਆ ਕਿ ਮੌਜੂਦਾ ਟੈਕਨੋਲੋਜੀ ਦੇ ਯੁਗ ਵਿੱਚ ਇਹ ਬਹੁਤ ਹੀ ਸੰਵੇਦਨਸ਼ੀਲ ਅਤੇ ਗੰਭੀਰ ਮਸਲਾ ਹੈ, ਜਿਸ ਲਈ ਠੋਸ ਅਤੇ ਸਪਸ਼ਟ ਨੀਤੀ ਬਣਾਉਣੀ ਲਾਜ਼ਮੀ ਹੈ।

ਜਥੇਦਾਰ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਮਹਾਨ ਸ਼ਹੀਦਾਂ ਦੀ ਨਕਲ ਕਰਕੇ ਕਿਸੇ ਵੀ ਤਰ੍ਹਾਂ ਦੀ ਫਿਲਮ, ਐਨੀਮੇਸ਼ਨ ਜਾਂ ਏਆਈ ਵੀਡੀਓ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਸਿੱਖੀ ਦੇ ਮੂਲ ਸਿਧਾਂਤਾਂ ਦੇ ਖ਼ਿਲਾਫ਼ ਮੰਨਿਆ ਜਾਵੇਗਾ।

ਮੀਟਿੰਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨਾਲ ਜੁੜੇ ਮਸਲੇ ‘ਤੇ ਵੀ ਗਹਿਰੀ ਚਰਚਾ ਹੋਈ। ਪੰਜ ਸਿੰਘ ਸਾਹਿਬਾਨ ਨੇ ਸਪਸ਼ਟ ਕੀਤਾ ਕਿ ਇਹ ਸਿੱਖਾਂ ਦਾ ਅੰਦਰੂਨੀ ਧਾਰਮਿਕ ਮਸਲਾ ਹੈ, ਜਿਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਰਿਵਾਇਤਾਂ ਅਨੁਸਾਰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹਨ। ਇਸ ਮਾਮਲੇ ‘ਚ ਸਰਕਾਰੀ ਏਜੰਸੀਆਂ ਅਤੇ ਪੁਲਿਸ ਦੀ ਦਖਲਅੰਦਾਜ਼ੀ ਨੂੰ ਗੈਰ-ਜ਼ਰੂਰੀ ਅਤੇ ਅਣਉਚਿਤ ਕਰਾਰ ਦਿੱਤਾ ਗਿਆ।

ਜਥੇਦਾਰ ਨੇ ਪੰਜਾਬ ਸਰਕਾਰ ਅਤੇ ਸੱਤਾਧਾਰੀ ਸਿਆਸੀ ਧਿਰਾਂ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਜਾਰੀ ਰਹੀ ਤਾਂ ਪੰਥਕ ਰਿਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਰਾਜਨੀਤਿਕ ਪਾਰਟੀ ਇਸ ਮਸਲੇ ਤੋਂ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਨਾ ਕਰੇ, ਨਹੀਂ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਵਾਬਦੇਹ ਹੋਵੇਗੀ।

ਇਸ ਦੌਰਾਨ ਪੁਲਿਸ ਵੱਲੋਂ ਸਿੱਖਾਂ ਖ਼ਿਲਾਫ਼ ਹੋ ਰਹੇ ਨਫਰਤੀ ਪ੍ਰਚਾਰ, ਨਕਲੀ ਸੋਸ਼ਲ ਮੀਡੀਆ ਖਾਤਿਆਂ ਅਤੇ ਧਮਕੀਆਂ ਦੇ ਮਾਮਲਿਆਂ ‘ਚ ਕਾਰਵਾਈ ਨਾ ਹੋਣ ‘ਤੇ ਵੀ ਸਖ਼ਤ ਨਾਰਾਜ਼ਗੀ ਜਤਾਈ ਗਈ। ਪੰਜ ਸਿੰਘ ਸਾਹਿਬਾਨ ਨੇ ਕਿਹਾ ਕਿ ਜਦੋਂ ਸਿੱਖ ਸੰਸਥਾਵਾਂ ਵੱਲੋਂ ਦਿੱਤੀਆਂ ਸ਼ਿਕਾਇਤਾਂ ‘ਤੇ ਕਾਰਵਾਈ ਨਹੀਂ ਹੁੰਦੀ, ਤਾਂ ਫਿਰ ਸਿੱਖ ਸੰਸਥਾਵਾਂ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੇਣਾ ਦੋਹਰਾ ਮਾਪਦੰਡ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.