ਤਾਜਾ ਖਬਰਾਂ
ਗੁਰਭਜਨ ਗਿੱਲ ਪੰਜਾਬੀ ਸਾਹਿਤ ਜਗਤ ਦੇ ਸਥਾਪਿਤ ਸ਼ਾਇਰ ਹਨ ਜੋ ਸਾਹਿਤਕ ਖੇਤਰ ਵਿਚ ਆਪਣੀ ਅੰਤਰਰਾਸ਼ਟਰੀ ਪੱਧਰ 'ਤੇ ਪਛਾਣ ਬਣਾ ਚੁੱਕੇ ਹਨ। ਉਹਨਾਂ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸ੍ਰੋਮਣੀ ਪੰਜਾਬੀ ਕਵੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ ਹੈ। ਉਹਨਾਂ ਨੇ ਪੰਜਾਬੀ ਸਾਹਿਤ ਦੀਆਂ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਨਾਲ ਸਰਗਰਮ ਰਹਿ ਕਿ ਖੂਬ ਨਾਮ ਕਮਾਇਆ ਹੈ। ਉਨ੍ਹਾਂ ਨੇ ਤਕਰੀਬਨ 20 ਕਾਵਿ ਪੁਸਤਕਾਂ ਸਾਹਿਤ ਜਗਤ ਨੂੰ ਭੇਂਟ ਕੀਤੀਆਂ ਹਨ।
ਹੱਥਲਾ ਸੰਗ੍ਰਹਿ ' ਤਾਰਿਆਂ ਦੀ ਗੁਜ਼ਰਗਾਹ ' ਦੀ ਮਹਿਕ ਨੂੰ ਸੰਗਠਿਤ ਕਰਕੇ ਪਾਠਕਾਂ ਨੂੰ ਤੋਹਫੇ ਵਜੋਂ ਭੇਜਿਆ ਹੈ ਜੋ ਪੰਜਾਬੀ ਸਾਹਿਤ ਜਗਤ ਦੀ ਸ਼ਕਤੀ ਹੈ ਅਤੇ ਭਵਿੱਖ ਵਿੱਚ ਮੀਲ ਪੱਥਰ ਸਿੱਧ ਹੋਵੇਗਾ। ਸ਼ਾਇਦ ਲੇਖਕ ਨੇ ਪਹਿਲੀ ਵਾਰ ਪੰਜਾਬੀ ਭਾਸ਼ਾ ਲਈ ਧਾਰਮਿਕ, ਵਿਰਾਸਤੀ ਅਤੇ ਇਤਿਹਾਸਕ ਰਚਨਾਵਾਂ ਦਾ ਗੁਲਦਸਤਾ ਭੇਂਟ ਕੀਤਾ ਹੈ।
ਇਸ ਸੰਗ੍ਰਹਿ ਨੂੰ ਪੜ੍ਹਦਿਆ ਇੰਝ ਲੱਗਦਾ ਹੈ ਕਿ ਜਿਵੇਂ ਸ਼ਾਇਰ ਆਪਣੀ ਰੂਹ ਅੰਦਰ ਸਾਰੀ ਕਾਇਨਾਤ ਸਮੋਈ ਬੈਠਾ ਹੈ ਜੋ ਸੁੱਚੀ ਮੁਹੱਬਤ ਨਾਲ ਲਬਰੇਜ਼ ਸ਼ਬਦਾਂ ਨੂੰ ਰਚਨਾਵਾਂ ਬਣਾਕੇ ਵੰਡਦਾ ਨਜ਼ਰ ਆਉਂਦਾ ਹੈ। ਆਓ ਅਸੀਂ ਵੀ ਬਤੌਰ ਪਾਠਕ ਸੰਗ੍ਰਹਿ ਦੀਆਂ ਕੁਝ ਕਾਵਿ ਟੂਕਾਂ ਨਾਲ ਸਾਂਝ ਪਾਈਏ :
ਅਸੀਂ ਉਨ੍ਹਾਂ ਤਮਾਮ ਚਕਲਿਆਂ ਦੇ,
ਖਿਲਾਫ਼ ਲੜਨਾ ਹੈ।
ਜਿੰਨਾਂ ਦਾ ਪਸਾਰ ਸਾਡੇ ਘਰਾਂ ਤੀਕ ਕਰਨ ਲਈ,
ਨਕਸ਼ੇ ਤਿਆਰ ਹੋ ਚੁੱਕੇ ਹਨ।
ਅਗਨ ਕਥਾ --- ਪੰਨਾ : 22
ਲੋਕ ਮਨਾਂ 'ਚ ਅੱਜ ਵੀ ਬੋਲੇ ਅੱਖਰਾਂ ਦਾ ਵਣਜਾਰਾ
ਤਾਂ ਹੀ ਮਰੀਆਂ ਅੱਖਾਂ ਵਿਚੋਂ, ਡਿੱਗਿਆ ਹੰਝੂ ਖਾਰਾ।
ਲੋਕ ਚੇਤਨਾ ਦਾ ਵਣਜਾਰਾ --- ਪੰਨਾ : 38
ਸਵਾਲ ਦਰ ਸਵਾਲ ਕਰਦਾ ਸ਼ੀਸ਼ਾ
ਬੇ ਜਿਸਮ ਹੈ
ਮੈਥੋਂ ਟੁੱਟਦਾ ਨਹੀਂ।
ਨਿਰਾਕਾਰ ਹੈ
ਭੋਰਾ ਵੀ ਫੁੱਟਦਾ ਨਹੀਂ ।
ਇਹ ਸ਼ੀਸ਼ਾ ਮੈਨੂੰ ਸੌਣ ਨਹੀਂ ਦਿੰਦਾ।
ਸ਼ੀਸ਼ਾ ਸਵਾਲ ਕਰਦਾ ਹੈ -ਪੰਨਾ : 67
ਦੱਸੋ ਗੁਰੂ ਵਾਲਿਓ ਪੰਜਾਬ ਕਿੱਥੇ ਹੈ
ਬਾਣੀ ਨਾਲ ਵੱਜਦੀ ਰਬਾਬ ਕਿੱਥੇ ਹੈ। ਦੱਸੋ ਗੁਰੂ ਵਾਲਿਓ --- ਪੰਨਾ : 98
ਆ ਗਈ ਪ੍ਰਭਾਤ ਫੇਰੀ
ਜਾਗ ਖੁਲ੍ਹੀ ਹੈ
ਪਟਾਕੇ ਚੱਲ ਰਹੇ ਹਨ।
ਸ਼ਬਦ ਸੁੱਚਾ ਗੈਰ ਹਾਜ਼ਰ।
ਸੁਣ ਲਵੋ ਕੀ ਕਹਿ
ਆ ਗਈ ਪ੍ਰਭਾਤ ਫੇਰੀ--- ਪੰਨਾ : 137
ਧਰਮ ਗ੍ਰੰਥਾਂ ਦੇ ਵਿਚ ਮੰਨਦੇ ਪੀਰ ਦਰਖਤਾਂ ਨੂੰ।
ਕਾਹਨੂੰ ਚੀਰੀ ਜਾਵੇਂ ਅੱਜ ਤੂੰ ਵੀਰ ਦਰੱਖਤਾਂ ਨੂੰ।
ਗ਼ਜ਼ਲ--- 171
ਮਾਏ ਨੀ ਅਣਜੰਮੀ ਧੀ ਨੂੰ,
ਆਪਣੇ ਨਾਲੋਂ ਵਿੱਛੜੇ ਜੀਅ ਨੂੰ,
ਜਾਂਦੀ ਵਾਰ ਨੀ ਮਾਏ ਇਕ ਲੋਰੀ ਦੇ।
ਬਾਬਲ ਦੇ ਭਾਵੇਂ ਚੋਰੀ ਦੇ
ਨੀ ਇਕ ਲੋਰੀ ਦੇ।
ਰੱਖੜੀ ਦੀ ਤੰਦ ਖ਼ਤਰੇ ਵਿਚ ਹੈ--- 186
ਸੁੱਤਿਆ ਲੋਕਾ ਤੇਰੀ ਗਠੜੀ, ਲੈ ਚੱਲੇ ਨੇ ਚੋਰ, ਮੁਸਾਫ਼ਿਰ,
ਘਰ ਨੂੰ ਸਾਂਭਣ ਖਾਤਿਰ ਤੈਂਨੂੰ, ਕਿਉਂ ਨਾ ਆਵੇ ਜਾਗ ਅਜੇ ਵੀ।
ਗ਼ਜ਼ਲ--- ਪੰਨਾ : 200
ਉਪਰੋਕਤ ਸਤਰਾਂ ਦੇ ਅਨੁਸਾਰ ਸ਼ਾਇਰ ਸਾਹਿਤ ਦੇ ਗਗਨ ਵਿੱਚ ' ਤਾਰਿਆਂ ਦੀ ਗੁਜ਼ਰਗਾਹ ' ਰਾਹੀਂ ਧਰਤ ਨੂੰ ਸਵਰਗ ਬਣਾਉਣਾ ਲੋਚਦਾ ਹੈ। ਉਨ੍ਹਾਂ ਆਪਣੀ ਸ਼ਾਇਰੀ ਵਿੱਚ ਪਰਿਵਾਰਕ ਰਿਸ਼ਤੇ, ਸਮਾਜਿਕ ਬੁਰਾਈਆਂ, ਸੂਰਬੀਰਤਾ ਦੀਆਂ ਕਹਾਣੀਆਂ, ਭਰੂਣ ਹੱਤਿਆ, ਵਾਤਾਵਰਣ ਅਤੇ ਵਿਰਾਸਤੀ ਰਚਨਾਵਾਂ ਦਾ ਸਾਂਗ ਰਚਾ ਕੇ ਭਵਿੱਖ ਵਿੱਚ ਦੂਸਰੀ ਪੀੜ੍ਹੀ ਨਾਲ ਸਾਂਝ ਪਾਈ ਹੈ। ਇਸਤੋਂ ਇਲਾਵਾਂ ਲੰਮੀਆਂ ਕਵਿਤਾਵਾਂ ' ਅਗਨ ਕਥਾ, ਮਾਂ ਦਾ ਸਫ਼ਰ, ਤਾਰਿਆਂ ਦੀ ਗੁਜ਼ਰਗਾਹ, ਸ਼ਹੀਦ ਭਗਤ ਸਿੰਘ ਬੋਲਦਾ ਹੈ, ਪਰਜਾ ਪਤਿ ਅਤੇ ਰੁਬਾਈਆਂ ' ਹੀ ਪੁਸਤਕ ਦਾ ਧੂਰਾ ਬਣਕੇ ਪੰਜਾਬੀ ਭਾਸ਼ਾ ਦੀ ਨਿਵੇਕਲੀ ਸ਼ੈਲੀ ਹੋਣ ਦਾ ਮਾਣ ਹਾਸਲ ਕਰਦੀਆਂ ਹਨ।
ਇੰਝ ਲੱਗਦਾ ਹੈ ਕਿ ਲੇਖਕ ਨੇ ਬਹੁਤ ਸਾਰੀਆਂ ਰਚਨਾਵਾਂ ਨੂੰ ਪੂਰਨ ਦ੍ਰਿਸ਼ਟੀ ਨੂੰ ਕੇਂਦਰ ਬਿੰਦੂ ਬਣਾ ਕੇ ਹੀ ਇਹ ਸਭ ਨੂੰ ਪੇਸ਼ ਕੀਤਾ ਹੈ ਜੋ ਇਨਸਾਨੀ ਕਦਰਾਂ ਕੀਮਤਾਂ, ਸਾਹਿਤ, ਪੰਜਾਬੀ ਵਿਰਸਾ ਅਤੇ ਸੱਭਿਆਚਾਰਕ ਹਨ ਕਿਉਂਕਿ ਉਨ੍ਹਾਂ ਨੂੰ ਕੁਦਰਤ ਨੇ ਸ਼ਬਦਾਂ ਦੀ ਦੈਵੀ ਦਾਤ ਬਖ਼ਸ਼ੀ ਹੈ। ਇਨ੍ਹਾਂ ਕਾਵਿ ਟੁਕੜੀਆਂ ਤੋਂ ਇਲਾਵਾਂ ਪੁਸਤਕ ਵਿਚ ' ਸਰਵਣ ਪੁੱਤਰ, ਸਾਨੂੰ ਮੋੜ ਦਿਓ ਰੰਗਲਾ ਪੰਜਾਬ, ਮੀਆਂ ਮੀਰ ਉਦਾਸ ਖੜ੍ਹਾ ਹੈ, ਪੰਜ ਸਦੀਆਂ ਪਰਤ ਕੇ, ਛੇੜ ਮਰਦਾਨਿਆਂ ਸੁਰਾਂ ਰੱਬ ਰੰਗੀਆਂ,ਅਸੀਸ, ਨਿਰਮਲ ਨੀਰ, ਸੂਰਮਾ ਕਦੇ ਇਕੱਲਾ ਨਹੀਂ ਹੁੰਦਾ, ਦੁੱਲਾ ਨਹੀਂ ਆਇਆ, ਤੇਰੀ ਪਾਈ ਬਾਤ ਦਾ ਹੁੰਗਾਰਾ ਬਣਾਂਗੇ ' ਰਚਨਾਵਾਂ ਹਨ ਜੋ ਪਾਠਕਾਂ ਦੇ ਦਿਲਾਂ ਨੂੰ ਟੁੰਬਦੀਆਂ ਹਨ ਅਤੇ ਮਨੁੱਖੀ ਸੋਚ ਅਤੇ ਜੀਵਨ ਬਦਲਣ ਦੇ ਸਮਰੱਥ ਹਨ।
ਇਸ ਸੰਗ੍ਰਹਿ ਵਿਚ ਧਾਰਮਿਕ ਕਵਿਤਾਵਾਂ ਵੀ ਪਾਠਕਾਂ ਦੇ ਮਨ ਤੇ ਰੂਹਾਨੀ ਅਤੇ ਫ਼ਲਸਫ਼ਾਈ ਅੰਦਾਜ਼ ਪੈਦਾ ਕਰਦੀਆਂ ਹਨ ਜੋ ਪੰਜਾਬੀ ਸਾਹਿਤ ਜਗਤ ਦੇ ਨਵੇਂ ਲੇਖਕਾਂ ਨੂੰ ਉਤਸ਼ਾਹ ਅਤੇ ਪਾਕ ਮੁਹੱਬਤ ਦੀ ਤਰਜ਼ਮਾਨੀ ਕਰਦੀਆਂ ਹਨ। ਨਿਰਸੰਦੇਹ ਸ਼ਾਇਰ ਨੂੰ ਬਹੁ ਭਾਸ਼ਾਵਾ ਅਤੇ ਦਿਸ਼ਾਵਾਂ ਦਾ ਗਿਆਨ ਹੈ ਜੋ ਇਸ ਸੰਗ੍ਰਹਿ ਵਿਚ ਪਾਠਕ ਨੂੰ ਕੋਈ ਸ਼ਬਦ ਔਖਾ ਨਹੀਂ ਲੱਗਦਾ ਅਸੀਂ ਕਹਿ ਸਕਦੇ ਹਾਂ ਕਿ ਭਾਸ਼ਾ ਬੜੀ ਸਰਲ ਅਤੇ ਰੌਚਿਕ ਹੈ। ਇਹ ਸੋਨੇ ਵਰਗੀਆਂ ਅਨਮੋਲ ਰਚਨਾਵਾਂ ਦਾ ਭੰਡਾਰ ਪਾਠਕਾਂ ਲਈ ਪੜ੍ਹਨਯੋਗ ਹੈ। ਸਤਿਕਾਰਯੋਗ ਸਿੰਘ ਬ੍ਰਦਰਜ਼, ਅੰਮ੍ਰਿਤਸਰ, ਪ੍ਰਿੰਟਵੈਲ, ਅੰਮ੍ਰਿਤਸਰ, ਬੂਟਾ ਸਿੰਘ ਚੌਹਾਨ, ਧਰਮ ਸਿੰਘ ਗੋਰਾਇਆ ਅਮਰੀਕਾ ਵਾਲੇ, ਹਰਵਿੰਦਰ ਸਿੰਘ ਚੰਡੀਗੜ੍ਹ ਅਤੇ ਪੰਜਾਬੀ ਲੋਕ ਵਿਰਾਸਤ, ਲੁਧਿਆਣਾ, ਪੰਜਾਬ ਵਾਲੇ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਮਿਹਨਤ ਨਾਲ ਲੇਖਕ ਦੀਆ ਪਾਰਸ ਵਰਗੀਆਂ ਰਚਨਾਵਾਂ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ। ਅੰਤ ਵਿਚ ਪ੍ਰੋ ਸਾਹਿਬ ਦਾ ਇਕ ਮਕਬੂਲ ਸ਼ੇਅਰ ' ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ੁਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ। ' ਨੂੰ ਯਾਦ ਕਰਦਿਆ ਦਾਸ ਵੱਲੋਂ ਸ਼ੁੱਭ ਕਾਮਨਾਵਾਂ ਅਤੇ ' ਤਾਰਿਆਂ ਦੀ ਗੁਜ਼ਰਗਾਹ ' ਦਾ ਪੰਜਾਬੀ ਸਾਹਿਤ ਜਗਤ ਵਿੱਚ ਨਿੱਘਾ ਸਵਾਗਤ ਹੈ।
Get all latest content delivered to your email a few times a month.