ਤਾਜਾ ਖਬਰਾਂ
ਜਲੰਧਰ ਸ਼ਹਿਰ ਵਿੱਚ ਗਹਿਣਿਆਂ ਦੀ ਇੱਕ ਦੁਕਾਨ ‘ਚ ਹੋਈ ਵੱਡੀ ਚੋਰੀ ਦੇ ਮਾਮਲੇ ‘ਚ ਪੁਲਿਸ ਨੂੰ ਅਹਿਮ ਸੁਰਾਗ ਮਿਲੇ ਹਨ। ਐਤਵਾਰ ਤੜਕੇ ਲਗਭਗ 13 ਚੋਰਾਂ ਦੇ ਗਿਰੋਹ ਨੇ ਬੜੀ ਯੋਜਨਾਬੱਧ ਤਰੀਕੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਮਾਸਕ ਅਤੇ ਦਸਤਾਨੇ ਪਹਿਨੇ ਚੋਰਾਂ ਨੇ ਲੋਹੇ ਦੀਆਂ ਰਾਡਾਂ ਅਤੇ ਸੱਬਲਾਂ ਨਾਲ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਅਤੇ ਕੇਵਲ 10 ਮਿੰਟਾਂ ਵਿੱਚ ਕੀਮਤੀ ਸੋਨੇ-ਚਾਂਦੀ ਦੇ ਗਹਿਣੇ ਸਮੇਤ ਕਰੀਬ ₹80 ਲੱਖ ਦਾ ਮਾਲ ਲੈ ਕੇ ਫ਼ਰਾਰ ਹੋ ਗਏ।
ਸਵੇਰੇ ਕਰੀਬ 6 ਵਜੇ ਜਦੋਂ ਬਾਜ਼ਾਰ ‘ਚ ਆਵਾਜਾਈ ਸ਼ੁਰੂ ਹੋਈ ਤਾਂ ਲੋਕਾਂ ਨੇ ਦੁਕਾਨ ਦਾ ਟੁੱਟਿਆ ਸ਼ਟਰ ਵੇਖਿਆ ਅਤੇ ਤੁਰੰਤ ਪੁਲਿਸ ਤੇ ਦੁਕਾਨ ਮਾਲਕ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੇ ਮਾਲਕ ਨੇ ਅੰਦਰ ਦਾ ਦ੍ਰਿਸ਼ ਦੇਖ ਕੇ ਹੈਰਾਨੀ ਜਤਾਈ—ਸ਼ੈਲਫਾਂ ਖਾਲੀ ਸਨ ਅਤੇ ਸਾਮਾਨ ਫਰਸ਼ ‘ਤੇ ਖਿੰਡਿਆ ਪਿਆ ਸੀ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।
ਦੁਕਾਨ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ‘ਚ ਪੂਰੀ ਘਟਨਾ ਕੈਦ ਹੋਈ ਹੈ। ਫੁਟੇਜ ਅਨੁਸਾਰ 6-7 ਚੋਰ ਸੱਬਲਾਂ ਨਾਲ ਅੰਦਰ ਦਾਖਲ ਹੋ ਕੇ ਚੋਰੀ ਕਰਦੇ ਦਿਖਾਈ ਦੇ ਰਹੇ ਹਨ, ਜਦਕਿ ਹੋਰ ਸਾਥੀ ਬਾਹਰ ਰਹਿ ਕੇ ਨਿਗਰਾਨੀ ਕਰ ਰਹੇ ਸਨ। ਪੁਲਿਸ ਨੇ ਫੁਟੇਜ ਦੇ ਆਧਾਰ ‘ਤੇ ਚੋਰਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ ਅਤੇ ਇੱਕ ਚੋਰ ਦੀ ਫੋਟੋ ਵੀ ਸਾਹਮਣੇ ਆ ਗਈ ਹੈ। ਫਿਲਹਾਲ ਪੁਲਿਸ ਟੀਮ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ ਅਤੇ ਚੋਰਾਂ ਦੀ ਗ੍ਰਿਫ਼ਤਾਰੀ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ।
Get all latest content delivered to your email a few times a month.