ਤਾਜਾ ਖਬਰਾਂ
ਲੁਧਿਆਣਾ, 30 ਦਸੰਬਰ 2025-
ਗੁਰਭਜਨ ਗਿੱਲ ਦਾ ਗੀਤ ਸੰਗ੍ਰਹਿ “ਪਿੱਪਲ ਪੱਤੀਆਂ “ ਉਨ੍ਹਾਂ ਦੇ ਆਸਟਰੇਲੀਆ ਵੱਸਦੇ ਦੋਹਤਰਿਆਂ ਗੁਰਤੀਰ ਸਿੰਘ ਤੇ ਗੁਰਜੀਵਨ ਸਿੰਘ ਰਾਏ ਨੇ ਆਪਣੇ ਮਾਪਿਆਂ ਗੁਰਜੋਤ ਸਿੰਘ ਤੇ ਮਨਿੰਦਰ ਕੌਰ ਦੀ ਸੰਗਤ ਵਿੱਚ ਸ਼ਹੀਦ ਭਗਤ ਸਿੰਘ ਨਗਰ,ਲੁਧਿਆਣਾ ਵਿਖੇ ਲੋਕ ਅਰਪਣ ਕੀਤੀ। ਇਹ ਬੱਚੇ ਪਿਛਲੇ ਕਈ ਸਾਲਾਂ ਤੋਂ ਸਿਡਨੀ(ਆਸਟ੍ਰੇਲੀਆ) ਰਹਿੰਦੇ ਹਨ। ਇਹ ਦੋਵੇਂ ਬੱਚੇ ਗੁਰਤੀਰ ਤੇ ਗੁਰਜੀਵਨ ਗੁਰਮੁਖੀ ਦੇ ਅੱਖਰ ਜੋੜ ਜੋੜ ਕੇ ਪੜ੍ਹ ਲੈਂਦੇ ਹਨ। ਉਨ੍ਹਾਂ ਕਿਤਾਬ ਵਿੱਚੋਂ ਕੁਝ ਸ਼ਬਦ ਪੜ੍ਹ ਕੇ ਵੀ ਸੁਣਾਏ।
ਗੁਰਭਜਨ ਗਿੱਲ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਹੱਥੋਂ ਕਿਤਾਬ ਲੋਕ ਅਰਪਨ ਕਰਾਉਣ ਦਾ ਮਨੋਰਥ ਹੀ ਇਹੀ ਹੈ ਕਿ ਇਨ੍ਹਾਂ ਨੂੰ ਪੰਜਾਬੀ ਸ਼ਬਦ ਸੱਭਿਆਚਾਰ ਨਾਲ ਜੋੜਿਆ ਜਾ ਸਕੇ। ਇਨ੍ਹਾਂ ਨੂੰ ਇਹ ਯਾਦ ਰਹੇ ਕਿ ਸਾਡੇ ਨਾਨਾ ਜੀ ਦੀਆਂ ਕਿਤਾਬਾਂ ਵਿੱਚ ਕੀ ਲਿਖਿਆ ਹੈ। ਇਸ ਪਰਿਵਾਰਕ ਸਵੈਮਾਣ ਰਾਹੀਂ ਉਹ ਬਾਕੀ ਪੰਜਾਬੀ ਸਾਹਿੱਤਕ ਵਿਰਾਸਤ ਨਾਲ ਵੀ ਜੁੜ ਸਕਣਗੇ। ਉਨ੍ਹਾਂ ਕਿਹਾ ਕਿ ਮੇਰੀ ਸ਼ਾਇਰੀ ਅਤੇ ਇਹ ਗੀਤ
ਧਰਤੀ ਦੇ ਫ਼ਿਕਰਾਂ ਦੀ ਪਚਵੰਜਾ ਸਾਲ ਲੰਮੀ ਦਾਸਤਾਨ ਹੈ।
ਗੁਰਭਜਨ ਗਿੱਲ ਦੀ ਭਤੀਜੀ ਮਨਿੰਦਰ ਕੌਰ ਨੇ ਕਿਹਾ ਕਿ ਮੈਂ ਆਪਣੇ ਚਾਚਾ ਜੀ ਦੀਆਂ ਲਗਭਗ ਸਭ ਕਿਤਾਬਾ ਪੜ੍ਹੀਆਂ ਹਨ।
ਗੁਰਭਜਨ ਗਿੱਲ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਕਿ ਮੇਰਾ ਪਹਿਲਾ ਗੀਤ -ਸੰਗ੍ਰਹਿ ਫੁੱਲਾਂ ਦੀ ਝਾਂਜਰ 2005 ਵਿੱਚ ਪਹਿਲੀ ਵਾਰ ਛਪਿਆ ਸੀ ਅਤੇ ਡਾ. ਆਤਮਜੀਤ ਨੇ ਉਸ ਵੇਲੇ ਮੁੱਖ ਬੰਦ ਲਿਖ ਕੇ ਮੈਨੂੰ ਹਲਾਸ਼ੇਰੀ ਦੇ ਕੇ ਇਸ ਮਾਰਗ ਤੇ ਲਗਾਤਾਰ ਤੁਰੇ ਰਹਿਣ ਦੀ ਪ੍ਰੇਰਨਾ ਦਿੱਤੀ ਸੀ।
ਪਿੱਪਲ ਪੱਤੀਆਂ ਮੇਰਾ ਦੂਜਾ ਗੀਤ ਸੰਗ੍ਰਹਿ ਹੈ ਜਿਸ ਰਾਹੀਂ ਮੈਂ ਉਹ ਇਕਰਾਰ ਪਹਿਲਾਂ 2022 ਵਿੱਚ ਪੂਰਾ ਕੀਤਾ ਅਤੇ ਹੁਣ ਤਿੰਨ ਸਾਲ ਬਾਦ ਇਸੇ ਦਾ ਦੂਜਾ ਐਡੀਸ਼ਨ ਛਾਪ ਦਿੱਤਾ ਹੈ। ਇਸ ਗੀਤ ਸੰਗ੍ਰਹਿ ਰਾਹੀਂ ਮੈਂ ਧਰਤੀ ਦੇ ਅੱਥਰੂ ਸ਼ਬਦਾਂ ਹਵਾਲੇ ਕੀਤੇ ਹਨ। ਮੇਰੇ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਇਸ ਵਿੱਚ ਮੇਰੀ ਪੋਤਰੀ ਅਸੀਸ ਕੌਰ ਗਿੱਲ ਦਾ ਬਣਾਇਆ ਰੇਖਾਂਕਣ ਵੀ ਪ੍ਰਕਾਸ਼ਿਤ ਹੋਇਆ ਹੈ। ਇਸ ਦਾ ਮੁੱਖ ਬੰਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਧਿਆਪਕਾ ਡਾ. ਹਰਿੰਦਰ ਕੌਰ ਸੋਹਲ ਨੇ ਲਿਖਿਆ ਹੈ।
ਇਸ ਕਿਤਾਬ ਦਾ ਇਹ ਐਡੀਸ਼ਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਦਾ ਵਿਤਰਨ ਸਿੰਘ ਬਰਦਰਜ਼ ਸਿਟੀ ਸੈਂਟਰ, ਅੰਮ੍ਰਿਤਸਰ ਤੇ ਚੇਤਨਾ ਪ੍ਹਕਾਸ਼ਨ ਪੰਜਾਬੀ ਭਵਨ ਲੁਧਿਆਣਾ ਰਾਹੀਂ ਕੀਤਾ ਜਾ ਰਿਹਾ ਹੈ।
ਇਸ ਗ਼ੈਰ ਰਸਮੀ ਪਰਿਵਾਰਕ ਸਮਾਗਮ ਵਿੱਚ ਗੁਰਭਜਨ ਗਿੱਲ ਦੀ ਜੀਵਨ ਸਾਥਣ ਜਸਵਿੰਦਰ ਕੌਰ ਗਿੱਲ ਤੇ ਸਪੁੱਤਰ ਪੁਨੀਤਪਾਲ ਸਿੰਘ ਗਿੱਲ ਵੀ ਸ਼ਾਮਲ ਹੋਏ।
Get all latest content delivered to your email a few times a month.