IMG-LOGO
ਹੋਮ ਪੰਜਾਬ: ਦਸਮੇਸ਼ ਪਿਤਾ ਦੀ ਬਖ਼ਸ਼ਿਸ਼ ‘ਪਵਿੱਤਰ ਗੰਗਾ ਸਾਗਰ’: ਭੁੱਲੀ ਹੋਈ ਵਿਰਾਸਤ...

ਦਸਮੇਸ਼ ਪਿਤਾ ਦੀ ਬਖ਼ਸ਼ਿਸ਼ ‘ਪਵਿੱਤਰ ਗੰਗਾ ਸਾਗਰ’: ਭੁੱਲੀ ਹੋਈ ਵਿਰਾਸਤ ਨੂੰ ਮੁੜ ਜਗਾਉਣ ਦੀ ਇਤਿਹਾਸਕ ਕੋਸ਼ਿਸ਼

Admin User - Dec 31, 2025 07:59 PM
IMG

ਸਮਾਂ ਬੜਾ ਬਲਵਾਨ ਹੈ। ਅਨੇਕ ਮਹੱਤਵਪੂਰਨ ਘਟਨਾਵਾਂ ਅਤੇ ਵਿਰਾਸਤੀ ਵਸਤਾਂ ਜੋ ਆਪਣੇ ਕਾਲ ਦੌਰਾਨ ਅਤੇ ਪਿੱਛੋਂ ਵੀ ਮਹੱਤਵਪੂਰਨ ਰਹੀਆਂ ਹੋਣ, ਜਦ ਸਮੇਂ ਦੀ ਧੂੜ ਹੇਠ ਦੱਬ ਜਾਣ ਤਾਂ ਲੋਕਾਈ ਉਹਨਾਂ ਨੂੰ ਭੁੱਲ ਭੁਲਾ ਜਾਂਦੀ ਹੈ। ਅਜਿਹਾ ਕੁਝ ਵਾਪਰਿਆ ਹੈ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਪਣੇ ਅਨਿੰਨ ਸੇਵਕ ਰਿਆਸਤ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਦੀ ਸੇਵਾ ਤੋਂ ਖੁਸ਼ ਹੋ ਕੇ ਉਸ ਨੂੰ ਬਖਸ਼ੀਆਂ ਨਿੱਜੀ ਵਸਤਾਂ -ਗੰਗਾ ਸਾਗਰ, ਰੇਹਲ ਅਤੇ ਕ੍ਰਿਪਾਨ - ਨਾਲ। 

ਪੁਰਾਤਨ ਲਿਖਤਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਰਾਏਕੋਟ ਪਧਾਰਨ ਅਤੇ ਰਾਏ ਕੱਲ੍ਹਾ ਦੀ ਸੇਵਾ ਤੋਂ ਖੁਸ਼ ਹੋ ਕੇ ਉਸ ਨੂੰ ਇਹ ਬਖਸ਼ਸ਼ਾਂ ਕਰਨ ਦੀ ਸਾਖੀ ਮਿਲਦੀ ਹੈ। ਅਠਾਰਵੀਂ ਉਨ੍ਹੀਵੀਂ ਸਦੀ ਵਿਚ ਲੱਕੜ ਦੇ ਰੱਖ ਰਖਾਉ ਵਾਸਤੇ ਰਸਾਇਣਾਂ ਦੀ ਵਰਤੋਂ ਨਾ ਹੋਣ ਕਾਰਨ ਲੱਕੜ ਦੀ ਰੇਹਲ ਅਉਧ ਪੂਰੀ ਹੋਣ ਉੱਤੇ ਪੂਰੀ ਹੋ ਗਈ, ਇਤਿਹਾਸਿਕ ਅਤੇ ਵਿਰਾਸਤੀ ਪੱਖੋਂ ਅਣਮੁੱਲੀ ਕ੍ਰਿਪਾਨ ਰਾਏ ਪਰਿਵਾਰ ਤੋਂ ਅੰਗਰੇਜ਼ ਹਾਕਮਾਂ ਨੇ ਹਥਿਆ ਲਈ, ਫ਼ਲ ਸਰੂਪ ਰਹਿ ਗਿਆ ਇਕੱਲਾ ਪਵਿੱਤਰ ਗੰਗਾ ਸਾਗਰ, ਜਿਸ ਨੂੰ ਰਾਏ ਪਰਿਵਾਰ ਨੇ ਪੂਰਨ ਸਤਿਕਾਰ ਨਾਲ ਅਤੇ ਜਿੰਦ ਜਾਨ ਨਾਲੋਂ ਪਿਆਰਾ ਸਮਝ ਕੇ ਸ਼ਰਧਾ ਨਾਲ ਸਾਂਭਿਆ। 

ਇਹ ਜਾਣਕਾਰੀ ਮਿਲਦੀ ਹੈ ਕਿ ਦੇਸ਼ ਵੰਡ ਤੋਂ ਪਹਿਲਾਂ ਗੁਰਦੁਆਰਾ ਟਾਹਲੀਆਣਾ ਸਾਹਿਬ, ਰਾਏਕੋਟ, ਵਿਖੇ ਸਜਣ ਵਾਲੇ ਸਾਲਾਨਾ ਜੋੜ-ਮੇਲੇ ਦੇ ਇਕ ਦਿਨ ਸਮੂਹ ਸੰਗਤ ਦਾ ਜਲੂਸ ਦੇ ਰੂਪ ਵਿਚ ਸ਼ਬਦ ਪੜ੍ਹਦਿਆਂ ਰਾਏ ਪਰਿਵਾਰ ਦੀ ਹਵੇਲੀ ਤੱਕ ਜਾਣ ਅਤੇ ਉੱਥੇ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ ਕਰਕੇ ਵਾਪਸ ਆਉਣ ਦੀ ਰਵਾਇਤ ਸੀ, ਪਰ ਜਾਪਦਾ ਹੈ ਕਿ ਦੇਸ਼-ਵੰਡ ਕਾਰਨ ਇਹਨਾਂ ਯਾਦਗਾਰੀ ਵਸਤਾਂ ਅਤੇ ਇਹਨਾਂ ਦੇ ਸੰਭਾਲਣਹਾਰ ਰਾਏ ਕੱਲ੍ਹਾ ਪਰਿਵਾਰ ਦੇ ਪਾਕਿਸਤਾਨ ਚਲੇ ਜਾਣ ਕਾਰਨ ਪ੍ਰਚੱਲਤ ਰਵਾਇਤ ਬੰਦ ਹੋ ਗਈ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸਿੱਖ ਜਗਤ ਨੂੰ ਰਾਏ ਪਰਿਵਾਰ ਨਾਲ ਆਪਣੀ ਸਾਂਝ ਅਤੇ ਇਹਨਾਂ ਬਖਸ਼ਸ਼ਾਂ ਦੀ ਯਾਦ ਵਿਸਰ ਗਈ। ਸ਼ਾਇਦ ਇਹੋ ਕਾਰਨ ਸੀ ਕਿ ਪ੍ਹਸਿੱਧ ਵਿਦਵਾਨ ਡਾ. ਗੰਡਾ ਸਿੰਘ ਵੱਲੋਂ ਸੰਸਾਰ ਦੇ ਪ੍ਰਸਿੱਧ ਮਿਸਲਖਾਨਿਆਂ, ਲਾਇਬ੍ਰੇਰੀਆਂ, ਗੁਰਦੁਆਰਾ ਸਾਹਿਬਾਨ ਆਦਿਕ ਦੇ ਵਿਚ, ਅਤੇ ਨਾਲ ਹੀ ਪ੍ਰਮੁੱਖ ਸ਼ਖਸੀਅਤਾਂ ਕੋਲ ਸੁਰੱਖਿਅਤ ਗੁਰੂ ਸਾਹਿਬਾਨ ਨਾਲ ਸੰਬੰਧਿਤ ਯਾਦਗਾਰਾਂ ਦੀ ਬਣਾਈ ਸੂਚੀ, ਜਿਸ ਨੂੰ ਸਿੱਖ ਹਿਸਟਰੀ ਸੁਸਾਇਟੀ, ਅੰਮ੍ਰਿਤਸਰ ਨੇ ਜੂਨ 1950 ਵਿਚ ਪੁਸਤਕ "ਸਿੱਖ ਇਤਿਹਾਸਕ ਯਾਦਗਾਰਾਂ" ਵਿਚ ਪ੍ਰਕਾਸ਼ਿਤ ਕੀਤਾ, ਪਰ ਇਸ ਵਿਚ ਗੰਗਾ ਸਾਗਰ ਦਾ ਜ਼ਿਕਰ ਨਹੀਂ।

ਸਿੱਖ ਵਿਰਾਸਤ ਦੀ ਅਣਮੁੱਲੀ ਵਸਤ 'ਪਵਿੱਤਰ ਗੰਗਾ ਸਾਗਰ' ਨਾਲ ਸਿੱਖ ਸੰਗਤ ਦੀ ਸਾਂਝ ਨੂੰ ਮੁੜ ਸੁਰਜੀਤ ਕਰਨ ਦਾ ਵਡਮੁੱਲਾ ਕਾਰਜ ਰਾਏ ਪਰਿਵਾਰ ਦੇ ਪਾਕਿਸਤਾਨ ਦੇ ਵਸਨੀਕ ਵਰਤਮਾਨ ਮੁਖੀ ਰਾਏ ਅਜ਼ੀਜ਼-ਉੱਲਾ-ਖਾਨ ਨੇ ਕੀਤਾ ਜਦ 1994 ਵਿਚ ਉਹ ਇੰਗਲੈਂਡ ਦੀ ਸਿੱਖ ਸੰਗਤ ਦੇ ਸੱਦੇ ਉੱਤੇ 'ਗੰਗਾ ਸਾਗਰ' ਲੈ ਕੇ ਇੰਗਲੈਂਡ ਗਏ। ਇੰਗਲੈਂਡ ਵਿਚ ਇਸ ਦੀ ਚਰਚਾ ਹੋਣ ਪਿੱਛੋਂ ਸੰਸਾਰ ਦੇ ਹਰ ਛੋਟੇ ਵੱਡੇ ਦੇਸ਼ ਵਿਚ ਵੱਸਦੇ ਸਿੱਖਾਂ ਦੇ ਮਨ ਵਿਚ ਇਸ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ ਕਰਨ ਦੀ ਤਾਂਘ ਉਪਜੀ ਜਿਸ ਨੂੰ ਪੂਰਾ ਕਰਨ ਵਿਚ ਰਾਏ ਅਜ਼ੀਜ਼ਉੱਲਾ ਖਾਨ ਨੇ ਪੂਰਾ ਸਹਿਯੋਗ ਦਿੱਤਾ। ਦੇਸ਼ ਵਿਦੇਸ਼ ਵਿਚ ਵਸਦੀ ਸਿੱਖ ਸੰਗਤ ਵੱਲੋਂ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ ਕਰਨ ਦੀ ਅਭਿਲਾਸ਼ਾ ਪ੍ਰਗਟਾਏ ਜਾਣ ਉੱਤੇ ਰਾਏ ਸਾਹਿਬ ਨੂੰ ਸੰਗਤ ਦੀ ਇੱਛਾ ਪੂਰਤੀ ਕਰਕੇ ਅਥਾਹ ਖੁਸ਼ੀ ਮਹਿਸੂਸ ਹੁੰਦੀ ਹੈ।


ਰਾਏ ਅਜ਼ੀਜ਼-ਉੱਲਾ ਖਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਰਾਏਕੋਟ ਤਸ਼ਰੀਫ ਲਿਆਉਣ ਦੀ ਸਾਖੀ ਨਾਲ ਖ਼ਬਤ ਦੀ ਹੱਦ ਤੱਕ ਲਗਾਉ ਹੈ। ਇਸ ਲਈ ਉਹਨਾਂ ਨੂੰ ਪੜ੍ਹਦਿਆਂ-ਸੁਣਦਿਆਂ ਜਿੱਥੇ ਕਿਧਰੇ ਵੀ ਇਸ ਸਾਖੀ ਦੇ ਲਿਖੇ ਹੋਣ ਦੀ ਸੋਅ ਮਿਲੀ, ਉਸ ਨੂੰ ਢੂੰਡ ਕੇ ਉਸ ਦੀ ਨਕਲ ਪ੍ਰਾਪਤ ਕਰਨੀ ਉਹਨਾਂ ਦਾ ਨਿਸ਼ਾਨਾ ਬਣ ਗਿਆ। ਆਪਣੀ ਇਸ ਲਗਨ ਸਦਕਾ ਉਹ ਅਜਿਹੀ ਚੋਖੀ ਸਮਗਰੀ ਇਕੱਤਰ ਕਰਨ ਵਿਚ ਸਫ਼ਲ ਹੋਏ। ਉਹਨਾਂ ਦੇ ਇਸ ਸੰਗ੍ਰਹਿ ਵਿਚ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ, ਪਾ: 10, ਰਾਏਕੋਟ (ਲੁਧਿਆਣਾ) ਦੀ ਪ੍ਰਬੰਧਕੀ ਕਮੇਟੀ ਵੱਲੋਂ ਪ੍ਰਕਾਸ਼ਿਤ ਦੋਪੱਤਰੇ ਤੋਂ ਲੈ ਕੇ ਪ੍ਰੋ. ਪਿਆਰਾ ਸਿੰਘ ਪਦਮ ਵੱਲੋਂ ਸੰਪਾਦਿਤ ਭਾਈ ਸਵਰੂਪ ਸਿੰਘ ਕੌਸ਼ਿਸ਼ ਲਿਖਤ "ਗੁਰੂ ਕੀਆਂ ਸਾਖੀਆਂ" ਦੇ ਪੱਤਰੇ ਸ਼ਾਮਲ ਸਨ। ਉਹਨਾਂ ਦੀ ਇੱਛਾ ਇਸ ਸਮਗਰੀ ਨੂੰ ਪੁਸਤਕ ਰੂਪ ਵਿਚ ਸੰਭਾਲਣ ਦੀ ਸੀ। ਸਰੀ, ਕੈਨੇਡਾ, ਵਿਚ ਰਹਿ ਰਹੇ ਜਨਾਬ ਅਜ਼ੀਜ਼ਉੱਲਾ ਖ਼ਾਨ ਨੇ ਇਸ ਬਾਰੇ ਲੁਧਿਆਣੇ ਵਸਦੇ ਆਪਣੇ ਪਰਮ ਮਿੱਤਰ ਪ੍ਰੋ ਗੁਰਭਜਨ ਸਿੰਘ ਗਿੱਲ ਹੋਰਾਂ ਨਾਲ ਗੱਲ ਕੀਤੀ ਤਾਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਰਾਏ ਜੀ ਨੂੰ ਇਸ ਕਾਰਜ ਵਿਚ ਮੇਰਾ ਸਹਿਯੋਗ ਲੈਣ ਦਾ ਸੁਝਾਅ ਦਿੱਤਾ। ਸਬੱਬ ਨਾਲ 2024 ਦੀਆਂ ਗਰਮੀਆਂ ਦੌਰਾਨ ਮੈਂ ਵੀ ਸਰੀ (ਕੈਨੇਡਾ) ਵਿਚ ਸਾਂ। ਰਾਏ ਜੀ ਨੇ ਮਿਲ ਕੇ ਇਹ ਪ੍ਰਸਤਾਵ ਮੇਰੇ ਸਾਹਮਣੇ ਰੱਖਿਆ ਜਿਸ ਨੂੰ ਮੈਂ ਖੁਸ਼ੀ ਖੁਸ਼ੀ ਪ੍ਰਵਾਨ ਕਰ ਲਿਆ। ਨਤੀਜੇ ਵਜੋਂ ਰਾਏ ਜੀ ਨੇ ਆਪਣੇ ਪਾਸ ਪਈ ਲਿਖਤੀ ਸਮਗਰੀ ਮੈਨੂੰ ਸੌਂਪ ਦਿੱਤੀ। ਕੁੱਝ ਹੋਰ ਸੰਬੰਧਿਤ ਸਮਗਰੀ ਮੈਂ ਇਧਰੋਂ ਉਧਰੋਂ ਇਕੱਠੀ ਕੀਤੀ। ਇਸ ਸਮਗਰੀ ਨੂੰ ਸੰਕਲਿਤ ਕਰਕੇ ਪੁਸਤਕ "ਦਸਮੇਸ਼-ਪਿਤਾ ਬਖ਼ਸ਼ਿਸ਼ ਪਵਿੱਤਰ ਗੰਗਾ ਸਾਗਰ" ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ।


ਪੁਸਤਕ "ਦਸਮੇਸ਼-ਪਿਤਾ ਬਖ਼ਸ਼ਿਸ਼ ਪਵਿੱਤਰ ਗੰਗਾ ਸਾਗਰ" ਦੇ  ਤਿੰਨ ਭਾਗ ਬਣਾਏ ਗਏ ਹਨ। ਪਹਿਲੇ ਭਾਗ “ਪਵਿੱਤਰ ਗੰਗਾ ਸਾਗਰ" ਵਿਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਏ ਕੱਲ੍ਹਾ ਨੂੰ ਇਹ ਬਖਸ਼ਸ਼ ਦੇਣ ਬਾਰੇ ਪ੍ਰਾਪਤ ਹਵਾਲੇ ਅਤੇ ਇਸ ਪਵਿੱਤਰ ਨਿਸ਼ਾਨੀ ਬਾਰੇ ਅਖਬਾਰੀ ਲੇਖ ਆਦਿ ਅਤੇ ਦੂਜੇ ਭਾਗ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਸ਼ ਦਾ ਪਾਤਰ ਬਣੇ ਰਾਏ ਘਰਾਣੇ ਦਾ ਇਤਿਹਾਸ ਬਿਆਨ ਕੀਤਾ ਗਿਆ ਹੈ।

ਪੁਸਤਕ ਦੀ ਰੂਪ ਰੇਖਾ ਅਨੁਸਾਰ ਪਹਿਲੇ ਭਾਗ ਦੇ ਪਹਿਲੇ ਅਧਿਆਇ ਵਿਚ ਦਸਮੇਸ਼ ਜੀ ਵੱਲੋਂ ਰਾਏ ਪਰਿਵਾਰ ਨੂੰ 'ਪਵਿੱਤਰ ਗੰਗਾ ਸਾਗਰ' ਬਖਸ਼ੇ ਜਾਣ ਬਾਰੇ ਮਿਲਦੀਆਂ ਪੁਰਾਤਨ ਅਤੇ ਨਵੀਨ ਸਾਖੀਆਂ ਸ਼ਾਮਲ ਕੀਤੀਆਂ ਗਈਆਂ ਹਨ। ਬੇਸ਼ੱਕ ਇਹਨਾਂ ਵਾਰਤਾਵਾਂ ਦਾ ਅੰਤ ਇਕੋ ਹੈ ਪਰ ਘਟਨਾਵਾਂ ਦਾ ਬਿਆਨ ਹਰ ਲੇਖਕ ਨੇ ਆਪਣੀ ਸਮਝ ਅਤੇ ਦ੍ਰਿਸ਼ਟੀ ਅਨੁਸਾਰ ਕੀਤਾ ਹੈ। ਪਾਠਕ ਤੁਲਨਾਤਮਿਕ ਦ੍ਰਿਸ਼ਟੀ ਤੋਂ ਇਹਨਾਂ ਘਟਨਾਵਾਂ ਨੂੰ ਵਾਚ ਕੇ ਸਾਖੀ ਨੂੰ ਇਕ ਲੜੀ ਵਿਚ ਰੱਖ ਕੇ ਸਮਝਣ ਦੇ ਯੋਗ ਬਣੇਗਾ। ਪਿਛਲੀ ਸਦੀ ਦੇ ਅੰਤਲੇ ਦਹਾਕੇ ਇਤਿਹਾਸਕਾਰ ਨਿਰੰਜਨ ਸਿੰਘ ਸਾਥੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਨਾਦੇੜ ਤੱਕ ਜਾਣ ਦੀ ਯਾਤਰਾ ਨੂੰ "ਚਰਨ ਚਲੋ ਮਾਰਗ ਗੋਬਿੰਦ” ਨਾਂ ਹੇਠ ਕਲਮਬੰਦ ਕੀਤਾ । ਪੰਜਾਬੀ ਦੇ ਅਖਬਾਰ "ਅਜੀਤ" ਨੇ ਇਸ ਨੂੰ ਲੜੀਵਾਰ ਪ੍ਰਕਾਸ਼ਿਤ ਕੀਤਾ। ਇਸ ਵਿਚ ਰਾਏਕੋਟ ਨਾਲ ਸੰਬੰਧਿਤ ਘਟਨਾਵਾਂ ਦਾ ਬਿਆਨ ਪੜ੍ਹਕੇ ਇਸ ਵਿਸ਼ੇ ਬਾਰੇ ਇਲਿਆਸ ਘੁੰਮਣ ਦੇ ਲਿਖੇ ਤੇ ਕੁਝ ਹੋਰ ਲੇਖ ਰੋਜ਼ਾਨਾ “ਅਜੀਤ” ਵਿਚ ਛਪੇ । ਇਹ ਲੇਖ ਇਸ ਪੁਸਤਕ ਦਾ ਦੂਜਾ ਅਧਿਆਇ ਬਣੇ ਹਨ। “ਪਵਿੱਤਰ ਗੰਗਾ ਸਾਗਰ" ਬਾਰੇ ਰਾਏ ਅਜ਼ੀਜ਼ਉੱਲਾ ਦੇ ਮਨੋ-ਭਾਵਾਂ ਦਾ ਬਿਆਨ ਤੀਜੇ ਅਧਿਆਇ ਵਿਚ ਦਰਜ ਹੈ।

ਸਿੱਖ ਗੁਰੂ ਸਾਹਿਬਾਨ ਵੱਲੋਂ ਆਪਣੇ ਸ਼ਰਧਾਲੂਆਂ ਨੂੰ ਬਖਸ਼ੀਆਂ ਪਵਿੱਤਰ ਨਿਸ਼ਾਨੀਆਂ ਪੰਜਾਬੀ ਵਿਰਸੇ ਦਾ ਮੁੱਲਵਾਨ ਹਿੱਸਾ ਹਨ। ਪੰਜਾਬੀਆਂ ਦੇ ਆਪਣੀ ਪਿਤਰੀ ਭੂਮੀ ਵਿਚੋਂ ਉੱਠ ਕੇ ਦੇਸ਼ ਵਿਦੇਸ਼ ਵਿਚ ਜਾ ਵਸਣ ਅਤੇ ਰਹਿਣ ਸਹਿਣ ਵਿਚ ਤਬਦੀਲੀ ਆਉਣ ਕਾਰਨ ਉਹ ਆਪਣੇ ਇਸ ਮਾਣ ਕਰਨ ਯੋਗ ਵਿਰਸੇ ਤੋਂ ਟੁੱਟਦੇ ਜਾ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਏਕੋਟ (ਜ਼ਿਲ੍ਹਾ ਲੁਧਿਆਣਾ) ਦੇ ਤਤਕਾਲੀ ਰਾਏ ਪਰਿਵਾਰ ਨੂੰ ਬਖਸ਼ੇ ਪਵਿੱਤਰ ਗੰਗਾ ਸਾਗਰ ਦੀ ਸਿੱਖ ਸੰਗਤ ਨਾਲ ਸਦੀਵੀ ਅਤੇ ਪੀਡੀ ਸਾਂਝ ਪਵਾਉਣ ਦੀ ਮਨਸ਼ਾ ਨਾਲ ਇਸ ਪਰਿਵਾਰ ਦੇ ਵਰਤਮਾਨ ਨੁਮਾਇੰਦੇ ਰਾਏ ਅਜ਼ੀਜ਼ ਉੱਲਾ ਜੀ ਦੀ ਮਨਸ਼ਾ ਅਨੁਸਾਰ ਪਵਿੱਤਰ ਗੰਗਾ ਸਾਗਰ ਨਾਲ ਸੰਬੰਧਿਤ ਲਿਖਤਾਂ ਨੂੰ ਪੁਸਤਕ ਰੂਪ ਵਿਚ ਸੰਭਾਲਣ ਦੇ ਯਤਨ ਵਜੋਂ ਇਹ ਪੁਸਤਕ ਪਾਠਕਾਂ ਦੇ ਹੱਥਾਂ ਵਿਚ ਦੇਣ ਦੀ ਖੁਸ਼ੀ ਪ੍ਰਾਪਤ ਕੀਤੀ ਜਾ ਰਹੀ ਹੈ। ਇਹ ਪੁਸਤਕ ਰਾਏਕੋਟ ਵਿਖੇ 2ਜਨਵਹੀ 2026 ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਸੰਗਤ ਅਰਪਨ ਕਰਨਗੇ। ਇੱਥੇ ਪੁਸਤਕ ਦਾ ਵਿਕਰੀ ਸਟਾਲ ਵੀ ਹੋਵੇਗਾ ਜਿੱਥੋਂ ਸੰਗਤਾਂ ਇਹ ਕਿਤਾਬ ਸਿਰਫ਼ 200/- ਰੁਪਏ ਵਿੱਚ ਲੈ ਸਕਣਗੀਆਂ ਭਾਵੇਂ ਇਸ ਦੀ ਕੀਮਤ 400/- ਰੁਪਏ ਛਾਪੀ ਗਈ ਹੈ। 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.