IMG-LOGO
ਹੋਮ ਪੰਜਾਬ: ਮਾਲੇਰਕੋਟਲਾ ਨੂੰ ਨਸ਼ਿਆਂ ਅਤੇ ਅਪਰਾਧਾਂ ਤੋਂ ਮੁਕਤ ਕਰਨ ਲਈ ਜ਼ਿਲ੍ਹਾ...

ਮਾਲੇਰਕੋਟਲਾ ਨੂੰ ਨਸ਼ਿਆਂ ਅਤੇ ਅਪਰਾਧਾਂ ਤੋਂ ਮੁਕਤ ਕਰਨ ਲਈ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਤਤਪਰ-ਐਸ.ਐਸ.ਪੀ ਗਗਨ ਅਜੀਤ ਸਿੰਘ

Admin User - Dec 31, 2025 08:02 PM
IMG

ਮਾਲੇਰਕੋਟਲਾ, 31 ਦਸੰਬਰ (ਭੁਪਿੰਦਰ ਗਿੱਲ)-ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਗਈ ਨਿਰਣਾਇਕ ਜੰਗ ਅਤੇ ਡਾਇਰੈਕਟਰ ਜਨਰਲ ਪੁਲਿਸ ਗੌਰਵ ਯਾਦਵ ਦੀ ਮਜ਼ਬੂਤ ਅਗਵਾਈ ਹੇਠ ਜ਼ਿਲ੍ਹਾ ਮਾਲੇਰਕੋਟਲਾ ਪੁਲਿਸ ਨਸ਼ਿਆਂ ਅਤੇ ਅਪਰਾਧਾਂ ਦੇ ਪੂਰਨ ਖ਼ਾਤਮੇ ਲਈ ਦ੍ਰਿੜ ਇਰਾਦੇ ਨਾਲ ਕੰਮ ਕਰ ਰਹੀ ਹੈ।


   ਉਨ੍ਹਾਂ ਦੱਸਿਆ ਕਿ ਸਾਲ 2025 ਦੌਰਾਨ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਐੱਨ.ਡੀ.ਪੀ.ਐਸ ਐਕਟ ਅਧੀਨ ਦਰਜ ਮੁਕੱਦਮਿਆਂ ਵਿੱਚ ਦੋਸ਼ੀਆਂ ਦੀ ਗੈਰਕਾਨੂੰਨੀ ਜਾਇਦਾਦ ‘ਤੇ ਸਿੱਧਾ ਵਾਰ ਕੀਤਾ ਗਿਆ। ਇਸ ਤਹਿਤ 6 ਕੇਸ ਕੰਪੀਟੈਂਟ ਅਥਾਰਟੀ ਨੂੰ ਭੇਜ ਕੇ ਕੁੱਲ 10,571,696 ਰੁਪਏ ਦੀ ਜਾਇਦਾਦ ਅਟੈਚ ਕਰਵਾਈ ਗਈ, ਜੋ ਨਸ਼ਾ ਤਸਕਰਾਂ ਲਈ ਸਖ਼ਤ ਚੇਤਾਵਨੀ ਹੈ।


 ਐਸ.ਐਸ.ਪੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 29 ਦਸੰਬਰ 2025 ਤੱਕ ਐੱਨ.ਡੀ.ਪੀ.ਐਸ ਐਕਟ ਅਧੀਨ 895 ਮੁਕੱਦਮੇ ਦਰਜ ਕਰਕੇ 1074 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕਾਰਵਾਈਆਂ ਦੌਰਾਨ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਨਸ਼ੀਲਾ ਸਮਾਨ ਬਰਾਮਦ ਕੀਤਾ ਗਿਆ, ਜਿਸ ਵਿੱਚ 309 ਕਿਲੋ 540 ਗ੍ਰਾਮ ਭੁੱਕੀ ਚੂਰਾ ਪੋਸਤ, 4 ਕਿਲੋ 492 ਗ੍ਰਾਮ ਹੈਰੋਇਨ/ਚਿੱਟਾ, 6 ਕਿਲੋ 50 ਗ੍ਰਾਮ ਅਫੀਮ, 23,577 ਨਸ਼ੀਲੀਆਂ ਗੋਲੀਆਂ, 89 ਨਸ਼ੀਲੀਆਂ ਸੀਸੀਆਂ, 9 ਕਿਲੋ 17 ਗ੍ਰਾਮ ਹਰੇ ਪੌਦੇ ਪੋਸਤ, 2 ਕਿਲੋ 974 ਗ੍ਰਾਮ ਨਸ਼ੀਲਾ ਪਾਊਡਰ, 1 ਕਿਲੋ 372 ਗ੍ਰਾਮ ਸੁਲਫਾ, ਇਸ ਤੋਂ ਇਲਾਵਾ 1,97,530 ਰੁਪਏ ਡਰੱਗ ਮਨੀ ਸ਼ਾਮਲ ਹੈ। ਇਸੇ ਤਰ੍ਹਾਂ ਐਕਸਾਈਜ਼ ਐਕਟ ਅਧੀਨ 28 ਮੁਕੱਦਮੇ ਦਰਜ ਕਰਕੇ 40 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋ 567.65 ਲੀਟਰ ਨਜਾਇਜ਼ ਸ਼ਰਾਬ(486.75 ਲਿਟਰ ਕੰਟਰੀਮੇਡ ਸਰਾਬ,49.70 ਲਿਟਰ ਅੰਗਰੇਜੀ ਅਤੇ 31.20 ਲੀਟਰ ਬੀਅਰ) ਅਤੇ 55 ਲੀਟਰ ਲਾਹਣ ਬਰਾਮਦ ਕੀਤੀ ਗਈ। ਅਸਲਾ ਐਕਟ ਅਧੀਨ ਕਾਰਵਾਈ ਕਰਦਿਆਂ 04 ਕੇਸਾਂ ਵਿੱਚ 07 ਦੋਸ਼ੀਆਂ ਪਾਸੋਂ 3 ਪਿਸਟਲ, 2 ਦੇਸੀ ਕੱਟੇ ਅਤੇ 11 ਕਾਰਤੂਸ ਵੀ ਬਰਾਮਦ ਕੀਤੇ ਗਏ।


        ਐਸ.ਐਸ.ਪੀ ਨੇ ਦੱਸਿਆ ਕਿ ਸਾਲ 2025 ਦੌਰਾਨ ਪੁਲਿਸ ਵੱਲੋਂ 36 ਭਗੌੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚੋਂ 3 ਦੋਸ਼ੀ ਨਾਰਕੋਟਿਕਸ ਐਕਟ ਅਧੀਨ ਲੰਮੇ ਸਮੇਂ ਤੋਂ ਭਗੌੜੇ ਸਨ। ਇਸ ਤੋਂ ਇਲਾਵਾ ਜੂਏ ਦੇ 10 ਕੇਸ ਦਰਜ ਕਰਕੇ 20 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਅਤੇ 47,140 ਰੁਪਏ ਦੀ ਰਿਕਵਰੀ ਕੀਤੀ ਗਈ । ਇਸ ਤੋਂ ਇਲਾਵਾ ਸ਼ਹਿਰ ਵਿੱਚ ਆਵਾਜਾਈ ਦੀ ਵਿਵਸਥਾ ਨੂੰ ਸੰਚਾਰੂ ਰੱਖਣ ਲਈ ਨਾਨ-ਕੰਪਾਊਂਡੇਬਲ 29 ਹਜਾਰ 912 ਅਤੇ ਕੰਪਾਊਂਡੇਬਲ1652 ਚਲਾਨ ਕਰਕੇ 24,48,900 ਰੁਪਏ ਇੱਕਤਰ ਕੀਤੇ ਗਏ ਹਨ।


ਉਨ੍ਹਾਂ ਹੋਰ ਦੱਸਿਆ ਕਿ 103ਬੀ.ਐਨ.ਐਸ ਕਤਲ ਦੇ ਸੰਗੀਨ ਜੁਰਮ ਤਹਿਤ 06 ਮੁਕੱਦਮੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 05 ਕੇਸਾਂ ’ਚ 11 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।  ਇਸ ਤੋਂ ਇਲਾਵਾ 109 ਬੀ.ਐਨ.ਐਸ. ਇਰਾਦਾ ਕਤਲ ਤਹਿਤ 16 ਕੇਸ ਦਰਜ ਕਰਕੇ 39 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਬੀ.ਐਨ.ਐਸ ਦੀਆਂ ਵੱਖ ਵੱਖ ਧਾਰਾਵਾਂ ਤਹਿਤ 131 ਕੇਸ਼ਾਂ ਵਿੱਚ 142 ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ।


ਉਨ੍ਹਾਂ ਜ਼ਿਲ੍ਹੇ ਦੀ ਅਵਾਮ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਇੱਕ ਨਸ਼ਾ ਵਿਰੋਧੀ ਹੈਲਪਲਾਈਨ ਅਤੇ ਵਟਸਐਪ ਚੈਟਬੋਟ (9779100200) ਤੇ ਸੂਚਨਾ ਦੇਣ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਤੇ ਢੱਲ ਪਾਈ ਜਾ ਸਕੇ ।


            ਐਸ.ਐਸ.ਪੀ ਗਗਨ ਅਜੀਤ ਸਿੰਘ ਨੇ ਦ੍ਰਿੜਤਾ ਨਾਲ ਕਿਹਾ ਕਿ ਜ਼ਿਲ੍ਹਾ ਮਾਲੇਰਕੋਟਲਾ ਪੁਲਿਸ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਬੇਰੋਕ-ਟੋਕ ਅਤੇ ਨਿਰੰਤਰ ਕਾਰਵਾਈ ਜਾਰੀ ਰੱਖੇਗੀ, ਤਾਂ ਜੋ ਜ਼ਿਲ੍ਹੇ ਨੂੰ ਨਸ਼ਾ ਮੁਕਤ, ਅਪਰਾਧ ਮੁਕਤ ਅਤੇ ਸੁਰੱਖਿਅਤ ਬਣਾਇਆ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.