ਤਾਜਾ ਖਬਰਾਂ
ਕੈਨੇਡਾ ਦੀ ਸਰਕਾਰ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਵੱਡਾ ਬਦਲਾਅ ਕਰਦੇ ਹੋਏ, ਸੀਨੀਅਰ ਸਿਟੀਜ਼ਨਜ਼ (ਬਜ਼ੁਰਗ ਨਾਗਰਿਕਾਂ) ਲਈ ਪਰਮਾਨੈਂਟ ਰੈਜੀਡੈਂਸ (PR) ਵੀਜ਼ਾ ਪ੍ਰੋਗਰਾਮ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਫੈਸਲੇ ਨਾਲ ਖਾਸ ਕਰਕੇ ਪੰਜਾਬੀ ਭਾਈਚਾਰੇ ਨੂੰ ਵੱਡਾ ਝਟਕਾ ਲੱਗਾ ਹੈ, ਜੋ ਹਰ ਸਾਲ ਵੱਡੀ ਗਿਣਤੀ ਵਿੱਚ ਆਪਣੇ ਬਜ਼ੁਰਗ ਮਾਪਿਆਂ ਨੂੰ ਪੱਕੇ ਤੌਰ 'ਤੇ ਕੈਨੇਡਾ ਬੁਲਾਉਂਦੇ ਹਨ।
ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਪਾਬੰਦੀ 2026 ਤੋਂ 2028 ਤੱਕ ਲਾਗੂ ਰਹੇਗੀ, ਜਿਸ ਤੋਂ ਬਾਅਦ ਇਸਦੀ ਸਮੀਖਿਆ ਕੀਤੀ ਜਾਵੇਗੀ।
PGP ਲਈ ਨਵੀਆਂ ਅਰਜ਼ੀਆਂ 'ਤੇ ਰੋਕ
ਇਮੀਗ੍ਰੇਸ਼ਨ ਵਿਭਾਗ ਨੇ ਆਪਣੀ PR ਗਿਣਤੀ ਘਟਾਉਣ ਦੀ ਯੋਜਨਾ ਤਹਿਤ ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ (PGP) ਅਧੀਨ ਨਵੀਆਂ ਅਰਜ਼ੀਆਂ ਲੈਣੀਆਂ ਬੰਦ ਕਰ ਦਿੱਤੀਆਂ ਹਨ। 2025 ਵਿੱਚ PGP ਤਹਿਤ ਕੋਈ ਵੀ ਨਵੀਂ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ। ਸਿਰਫ਼ ਉਹ ਅਰਜ਼ੀਆਂ ਜਿਨ੍ਹਾਂ 'ਤੇ 2024 ਵਿੱਚ ਕਾਰਵਾਈ ਸ਼ੁਰੂ ਹੋ ਗਈ ਸੀ, ਉਨ੍ਹਾਂ ਨੂੰ ਹੀ ਨਿਪਟਾਇਆ ਜਾਵੇਗਾ।
ਦੱਸ ਦੇਈਏ ਕਿ ਪਿਛਲੇ ਸਾਲ 2024 ਵਿੱਚ, PGP ਪ੍ਰੋਗਰਾਮ ਰਾਹੀਂ ਲਗਭਗ 27,330 ਨਵੇਂ PR ਵੀਜ਼ੇ ਜਾਰੀ ਕੀਤੇ ਗਏ ਸਨ। ਅੰਕੜਿਆਂ ਅਨੁਸਾਰ, ਦੂਜੇ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਕੁੱਲ 25,000 ਤੋਂ 30,000 ਬਜ਼ੁਰਗ PR ਪ੍ਰਾਪਤ ਕਰਨ ਵਾਲਿਆਂ ਵਿੱਚ ਹਰ ਸਾਲ ਲਗਭਗ 6,000 ਪੰਜਾਬੀ ਬਜ਼ੁਰਗ ਸ਼ਾਮਲ ਹੁੰਦੇ ਹਨ।
ਸੁਪਰ ਵੀਜ਼ਾ ਅਤੇ ਕੇਅਰਗਿਵਰ ਪ੍ਰੋਗਰਾਮ
ਹਾਲਾਂਕਿ, ਸੀਨੀਅਰ ਸਿਟੀਜ਼ਨਜ਼ ਲਈ ਕੈਨੇਡਾ ਦੀ ਯਾਤਰਾ 'ਤੇ ਕੋਈ ਪਾਬੰਦੀ ਨਹੀਂ ਹੈ। ਬਜ਼ੁਰਗਾਂ ਕੋਲ ਹੁਣ ਵੀ ਸੁਪਰ ਵੀਜ਼ਾ ਦਾ ਵਿਕਲਪ ਮੌਜੂਦ ਰਹੇਗਾ, ਜੋ ਉਨ੍ਹਾਂ ਨੂੰ ਲਗਾਤਾਰ ਪੰਜ ਸਾਲਾਂ ਤੱਕ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੰਦਾ ਹੈ।
ਦੂਜੇ ਪਾਸੇ, ਕੈਨੇਡੀਅਨ ਸਰਕਾਰ ਨੇ ਕੇਅਰਗਿਵਰ ਪ੍ਰੋਗਰਾਮ (ਹੋਮ ਕੇਅਰ ਵਰਕਰ ਪਾਇਲਟ ਪ੍ਰੋਗਰਾਮ), ਜੋ ਕਿ ਬਜ਼ੁਰਗਾਂ ਜਾਂ ਬੱਚਿਆਂ ਦੀ ਦੇਖਭਾਲ ਲਈ ਕੈਨੇਡਾ ਆਉਣ ਵਾਲੇ ਲੋਕਾਂ ਲਈ ਸੀ, ਨੂੰ ਵੀ ਦਸੰਬਰ 2025 ਤੋਂ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤਾ ਹੈ।
ਫ਼ੈਸਲੇ ਦਾ ਕਾਰਨ: ਰਿਹਾਇਸ਼ ਅਤੇ ਸਿਹਤ ਸੇਵਾਵਾਂ
ਕੈਨੇਡੀਅਨ ਸਰਕਾਰ ਨੇ ਆਪਣੀ ਨਵੀਂ ਨੀਤੀ ਤਹਿਤ ਇਮੀਗ੍ਰੇਸ਼ਨ ਨੂੰ ਸੀਮਤ ਕਰਨ ਦੇ ਮੁੱਖ ਕਾਰਨਾਂ ਵਿੱਚ ਰਿਹਾਇਸ਼ ਦੀ ਘਾਟ ਅਤੇ ਸਿਹਤ ਸੰਭਾਲ ਸੇਵਾਵਾਂ 'ਤੇ ਵਧਦਾ ਦਬਾਅ ਦੱਸਿਆ ਹੈ। ਕੈਨੇਡਾ ਵਿੱਚ ਇਸ ਸਮੇਂ 65 ਸਾਲ ਤੋਂ ਵੱਧ ਉਮਰ ਦੇ ਲਗਭਗ 81 ਲੱਖ ਲੋਕ ਹਨ।
ਅੰਮ੍ਰਿਤਸਰ ਦੇ ਟ੍ਰੈਵਲ ਏਜੰਟ ਓਂਕਾਰ ਸਿੰਘ ਨੇ ਇਸ ਫੈਸਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਬਜ਼ੁਰਗ ਨਾਗਰਿਕਾਂ ਲਈ ਘਬਰਾਹਟ ਵਾਲੀ ਖ਼ਬਰ ਹੈ ਜੋ ਆਪਣੇ ਬੱਚਿਆਂ ਨੂੰ ਮਿਲਣ ਜਾਂਦੇ ਹਨ, ਪਰ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਸੁਪਰ ਵੀਜ਼ਾ ਵਰਗੇ ਬਦਲਵੇਂ ਵਿਕਲਪ ਅਜੇ ਵੀ ਉਪਲਬਧ ਹਨ।
Get all latest content delivered to your email a few times a month.