ਤਾਜਾ ਖਬਰਾਂ
ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਜ਼ਮਾਨਤ ਲਈ ਪੰਜਾਬ-ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖਟਖਟਾਇਆ ਹੈ। ਭੁੱਲਰ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ ’ਤੇ ਹਾਈਕੋਰਟ ਅਗਲੇ ਹਫ਼ਤੇ ਸੁਣਵਾਈ ਕਰ ਸਕਦੀ ਹੈ। ਫਿਲਹਾਲ, ਉਹ ਇਸ ਮਾਮਲੇ ਵਿੱਚ ਚੰਡੀਗੜ੍ਹ ਦੀ ਕੇਂਦਰੀ ਜੇਲ੍ਹ ਵਿੱਚ ਨਿਆਇਕ ਹਿਰਾਸਤ ਹੇਠ ਹਨ।
ਜ਼ਿਕਰਯੋਗ ਹੈ ਕਿ ਭੁੱਲਰ ਖ਼ਿਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਹਨ—ਇੱਕ ਰਿਸ਼ਵਤਖੋਰੀ ਨਾਲ ਸੰਬੰਧਿਤ ਅਤੇ ਦੂਜਾ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਨਾਲ ਜੁੜਿਆ ਹੋਇਆ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਹੇਠਲੀ ਅਦਾਲਤ ਵੱਲੋਂ ਉਨ੍ਹਾਂ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ, ਪਰ ਰਿਸ਼ਵਤਖੋਰੀ ਕੇਸ ਵਿੱਚ ਹੇਠਲੀ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ।
ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਨੂੰ 17 ਅਕਤੂਬਰ 2025 ਨੂੰ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਤੋਂ ਹੀ ਉਹ ਹਿਰਾਸਤ ਵਿੱਚ ਹਨ। ਭੁੱਲਰ ਦੇ ਵਕੀਲਾਂ ਦਾ ਦਲੀਲ ਹੈ ਕਿ 13 ਦਸੰਬਰ ਨੂੰ ਇਸ ਕੇਸ ਵਿੱਚ ਚਲਾਨ ਦਾਇਰ ਹੋ ਚੁੱਕਾ ਹੈ ਅਤੇ ਹੁਣ ਜਾਂਚ ਦੀ ਕਾਰਵਾਈ ਲਗਭਗ ਪੂਰੀ ਹੋ ਗਈ ਹੈ।
ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭੁੱਲਰ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਜਾ ਚੁੱਕਾ ਹੈ, ਇਸ ਕਰਕੇ ਉਹ ਨਾ ਤਾਂ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਨਾ ਹੀ ਜਾਂਚ ’ਤੇ ਕੋਈ ਅਸਰ ਪਾ ਸਕਦੇ ਹਨ। ਇਸ ਅਧਾਰ ’ਤੇ ਉਨ੍ਹਾਂ ਨੇ ਹਾਈਕੋਰਟ ਕੋਲ ਨਿਯਮਤ ਜ਼ਮਾਨਤ ਦੀ ਮੰਗ ਕੀਤੀ ਹੈ। ਹੁਣ ਸਭ ਦੀ ਨਜ਼ਰ ਹਾਈਕੋਰਟ ਦੀ ਆਉਣ ਵਾਲੀ ਸੁਣਵਾਈ ’ਤੇ ਟਿਕੀ ਹੋਈ ਹੈ।
Get all latest content delivered to your email a few times a month.