IMG-LOGO
ਹੋਮ ਪੰਜਾਬ, ਰਾਸ਼ਟਰੀ, ਪੁਰਾਣੀ ਚੋਣੀ ਰੰਜਿਸ਼ ਨੇ ਲਿਆ ਹਿੰਸਕ ਰੂਪ: ਕਿਸਾਨ ਦੇ ਘਰ...

ਪੁਰਾਣੀ ਚੋਣੀ ਰੰਜਿਸ਼ ਨੇ ਲਿਆ ਹਿੰਸਕ ਰੂਪ: ਕਿਸਾਨ ਦੇ ਘਰ ‘ਤੇ ਚੱਲੀਆਂ ਗੋਲੀਆਂ, ਵਿਦੇਸ਼ ਬੈਠੇ ਨੌਜਵਾਨ ਵੱਲੋਂ ਲਈ ਗਈ ਜ਼ਿੰਮੇਵਾਰੀ, 9 ਖ਼ਿਲਾਫ਼ ਕੇਸ ਦਰਜ

Admin User - Jan 10, 2026 08:29 PM
IMG

ਕਪੂਰਥਲਾ ਜ਼ਿਲ੍ਹੇ ਦੇ ਪਿੰਡ ਲੱਖਣ ਕਲਾਂ ਵਿੱਚ ਪੁਰਾਣੀ ਚੋਣੀ ਰੰਜਿਸ਼ ਉਸ ਵੇਲੇ ਖੂਨੀ ਰੂਪ ਵਿੱਚ ਸਾਹਮਣੇ ਆਈ, ਜਦੋਂ ਦੇਰ ਰਾਤ ਇੱਕ ਕਿਸਾਨ ਦੇ ਘਰ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਅੰਧਾਧੁੰਦ ਫਾਇਰਿੰਗ ਕੀਤੀ ਗਈ। ਇਸ ਘਟਨਾ ਨਾਲ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮਾਮਲਾ ਉਸ ਸਮੇਂ ਹੋਰ ਵੀ ਗੰਭੀਰ ਹੋ ਗਿਆ, ਜਦੋਂ ਅਮਰੀਕਾ ਵਿੱਚ ਰਹਿ ਰਹੇ ਪਿੰਡ ਦੇ ਹੀ ਨੌਜਵਾਨ ਸਿਮਰਣ ਸਿੰਘ ਉਰਫ਼ ਸਿਮਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲੈ ਲਈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਲੱਖਣ ਕਲਾਂ ਦੇ ਵਸਨੀਕ ਅਤੇ ਸਾਬਕਾ ਅਕਾਲੀ ਆਗੂ ਕਸ਼ਮੀਰ ਸਿੰਘ ਦੇ 42 ਸਾਲਾ ਭਤੀਜੇ ਦਲਜੀਤ ਸਿੰਘ ਨੇ ਦੱਸਿਆ ਕਿ ਉਸਦਾ ਘਰ ਪਿੰਡ ਤੋਂ ਬਾਹਰ ਸਥਿਤ ਹੈ। ਵੀਰਵਾਰ ਰਾਤ ਕਰੀਬ 10 ਵਜੇ, ਜਦੋਂ ਉਹ ਘਰ ਅੰਦਰ ਮੌਜੂਦ ਸੀ, ਤਦ ਅਚਾਨਕ ਗੋਲੀਆਂ ਦੀਆਂ ਤੇਜ਼ ਆਵਾਜ਼ਾਂ ਸੁਣਾਈ ਦਿੱਤੀਆਂ। ਜਦੋਂ ਉਹ ਬਾਹਰ ਨਿਕਲਿਆ ਤਾਂ ਉਸਨੇ ਦੇਖਿਆ ਕਿ ਸੜਕ ‘ਤੇ ਇੱਕ ਗੱਡੀ ਖੜੀ ਸੀ, ਜਿਸ ਦੀਆਂ ਹੈਡਲਾਈਟਾਂ ਚੱਲ ਰਹੀਆਂ ਸਨ ਅਤੇ ਉਸ ਵਿੱਚ ਸਵਾਰ ਨੌਜਵਾਨ ਉਸਦੇ ਘਰ ਵੱਲ ਲਗਾਤਾਰ ਗੋਲੀਆਂ ਚਲਾ ਰਹੇ ਸਨ।

ਦਲਜੀਤ ਸਿੰਘ ਅਨੁਸਾਰ ਹਮਲਾਵਰ ਨਾ ਸਿਰਫ਼ ਗੋਲੀਆਂ ਚਲਾਉਂਦੇ ਰਹੇ, ਸਗੋਂ ਉਹ ਘਰ ਦੇ ਮੁੱਖ ਗੇਟ ਤੱਕ ਆ ਕੇ ਉੱਚੀ ਆਵਾਜ਼ ਵਿੱਚ ਧਮਕੀਆਂ ਵੀ ਦੇਣ ਲੱਗ ਪਏ। ਹਮਲਾਵਰਾਂ ਨੇ ਬਲਾਕ ਸਮਿਤੀ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਲਜੀਤ ਸਿੰਘ ਚੋਣਾਂ ਦੌਰਾਨ ਬਹੁਤ “ਪ੍ਰਧਾਨਗੀ” ਕਰ ਰਿਹਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਵਿੱਤਰ ਸਿੰਘ ਨੂੰ ਚੋਣਾਂ ਵਿੱਚ ਹਰਾਉਣਾ ਉਸਦੇ ਪਰਿਵਾਰ ਦੀ ਵੱਡੀ ਗਲਤੀ ਸੀ, ਜਿਸਦੀ ਸਜ਼ਾ ਹੁਣ ਭੁਗਤਣੀ ਪਵੇਗੀ। ਧਮਕੀਆਂ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਪੀੜਤ ਨੇ ਇਹ ਵੀ ਖੁਲਾਸਾ ਕੀਤਾ ਕਿ ਫਾਇਰਿੰਗ ਤੋਂ ਇੱਕ ਦਿਨ ਪਹਿਲਾਂ ਉਸਦੇ ਸਪੇਨ ਵਿੱਚ ਰਹਿ ਰਹੇ ਭਤੀਜੇ ਮਹਿਰ ਸਿੰਘ ਨੂੰ ਸਿਮਰਣ ਸਿੰਘ ਉਰਫ਼ ਸਿਮਾ ਵੱਲੋਂ ਵਟਸਐਪ ਕਾਲ ਕਰਕੇ ਧਮਕਾਇਆ ਗਿਆ ਸੀ। ਕਾਲ ਦੌਰਾਨ ਚੋਣ ਜਿੱਤਣ ਸਬੰਧੀ ਸਟੇਟਸ ਲਗਾਉਣ ਅਤੇ ਜਸ਼ਨ ਮਨਾਉਣ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਅਤੇ ਗੰਭੀਰ ਨਤੀਜਿਆਂ ਦੀ ਚੇਤਾਵਨੀ ਦਿੱਤੀ ਗਈ। ਇਸ ਤੋਂ ਬਾਅਦ ਸਿਮਰਣ ਸਿੰਘ ਨੇ ਖੁਦ ਦਲਜੀਤ ਸਿੰਘ ਨੂੰ ਵੀ ਫੋਨ ਕਰਕੇ ਧਮਕੀਆਂ ਦਿੱਤੀਆਂ।

ਮਾਮਲਾ ਉਸ ਵੇਲੇ ਹੋਰ ਤੀਖਾ ਹੋ ਗਿਆ, ਜਦੋਂ ਫਾਇਰਿੰਗ ਤੋਂ ਬਾਅਦ ਸਿਮਰਣ ਸਿੰਘ ਉਰਫ਼ ਸਿਮਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਵਾਰਦਾਤ ਦੀ ਜ਼ਿੰਮੇਵਾਰੀ ਸਵੀਕਾਰ ਕੀਤੀ। ਪੋਸਟ ਵਿੱਚ ਲਿਖਿਆ ਗਿਆ ਕਿ ਪਹਿਲਾਂ ਉਸਨੂੰ ਪਿੰਡ ਤੋਂ ਬਾਹਰ ਕੱਢਿਆ ਗਿਆ ਸੀ ਅਤੇ ਹੁਣ ਉਹ ਇਸਦਾ ਬਦਲਾ ਲੈ ਰਿਹਾ ਹੈ।

ਦਲਜੀਤ ਸਿੰਘ ਅਨੁਸਾਰ ਇਹ ਪੂਰੀ ਘਟਨਾ ਪੁਰਾਣੀ ਚੋਣੀ ਰੰਜਿਸ਼ ਦਾ ਨਤੀਜਾ ਹੈ। ਬਲਾਕ ਸਮਿਤੀ ਚੋਣਾਂ ਦੌਰਾਨ ਉਸਨੇ ਆਪਣੇ ਭਤੀਜੇ ਜਤਿੰਦਰਪਾਲ ਸਿੰਘ ਦਾ ਸਮਰਥਨ ਕੀਤਾ ਸੀ, ਜਦਕਿ ਦੂਜੇ ਪਾਸੇ ਪਵਿੱਤਰ ਸਿੰਘ ਚੋਣ ਮੈਦਾਨ ਵਿੱਚ ਸੀ ਅਤੇ ਹਾਰ ਗਿਆ ਸੀ। ਇਸ ਹਾਰ ਦੀ ਰੰਜਿਸ਼ ਦੇ ਚਲਦੇ ਹੀ ਸਾਜ਼ਿਸ਼ ਰਚ ਕੇ ਘਰ ‘ਤੇ ਫਾਇਰਿੰਗ ਕਰਵਾਈ ਗਈ।

ਥਾਣਾ ਸਦਰ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਪਵਿੱਤਰ ਸਿੰਘ, ਸਿਮਰਣ ਸਿੰਘ ਉਰਫ਼ ਸਿਮਾ ਸਮੇਤ ਕੁੱਲ 9 ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਡੀਐਸਪੀ ਸਬ-ਡਿਵੀਜ਼ਨ ਸ਼ੀਤਲ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੋਸ਼ਲ ਮੀਡੀਆ ਪੋਸਟਾਂ, ਕਾਲ ਡੀਟੇਲ ਰਿਕਾਰਡ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.