ਤਾਜਾ ਖਬਰਾਂ
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਜ਼ਿਲ੍ਹਾ ਜਲੰਧਰ ਦੇ ਤਹਿਸੀਲ ਫਿਲੌਰ ਅਧੀਨ ਆਉਂਦੇ ਪਿੰਡ ਨਗਰ ਵਿੱਚ ਸੀਵਰੇਜ ਅਤੇ ਗੰਦੇ ਪਾਣੀ ਦੀ ਨਿਕਾਸੀ ਦੀ ਭਿਆਨਕ ਸਮੱਸਿਆ ਦਾ ਸਖ਼ਤ ਨੋਟਿਸ ਲਿਆ ਹੈ। ਇੱਕ ਅਖ਼ਬਾਰੀ ਖ਼ਬਰ ਦਾ 'ਸੂ-ਮੋਟੋ' (Suo Moto) ਲੈਂਦਿਆਂ, ਚੇਅਰਮੈਨ ਗੜੀ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਪੱਤਰ ਜਾਰੀ ਕਰਕੇ ਡੀਡੀਪੀਓ (ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ) ਜਲੰਧਰ ਨੂੰ ਤਲਬ ਕਰ ਲਿਆ ਹੈ।
ਕਮਿਸ਼ਨ ਦਫ਼ਤਰ ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ, ਡੀਡੀਪੀਓ ਨੂੰ ਇਸ ਮਾਮਲੇ 'ਤੇ ਜਵਾਬ ਦੇਣ ਲਈ 14 ਜਨਵਰੀ 2026 ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਪੰਚਾਇਤ ਦੀ ਅਣਗਹਿਲੀ ਕਾਰਨ ਸੜਕਾਂ 'ਤੇ ਗੰਦਾ ਪਾਣੀ
ਚੇਅਰਮੈਨ ਗੜੀ ਨੇ ਦੱਸਿਆ ਕਿ ਪਿੰਡ ਨਗਰ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਰਵਿਦਾਸੀਆ ਭਾਈਚਾਰੇ ਦਾ ਵੱਡਾ ਧਾਰਮਿਕ ਡੇਰਾ ਹੈ। ਆਉਣ ਵਾਲੇ ਦਿਨਾਂ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦਿਹਾੜੇ ਮੌਕੇ ਵੱਡੀਆਂ ਸ਼ੋਭਾ ਯਾਤਰਾਵਾਂ ਨਿਕਲਣੀਆਂ ਹਨ। ਪਰ ਪੰਚਾਇਤ ਵਿਭਾਗ ਦੀ ਅਣਗਹਿਲੀ ਕਾਰਨ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਛੱਪੜ ਵਿੱਚ ਨਾ ਹੋਕੇ ਸਿੱਧਾ ਸੜਕ 'ਤੇ ਹੋ ਰਿਹਾ ਹੈ।
ਗੰਦੇ ਪਾਣੀ ਵਿੱਚ ਡੁੱਬ ਕੇ ਹੋਈ ਔਰਤ ਦੀ ਮੌਤ
ਇਸ ਮਾਮਲੇ ਦੀ ਗੰਭੀਰਤਾ ਇਸ ਗੱਲ ਤੋਂ ਹੋਰ ਵਧ ਜਾਂਦੀ ਹੈ ਕਿ ਹਾਲ ਹੀ ਵਿੱਚ ਇਸੇ ਗੰਦੇ ਪਾਣੀ ਵਿੱਚ ਡੁੱਬ ਕੇ ਇੱਕ ਔਰਤ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਸੀ। ਇਸ ਦੁਖਦਾਈ ਘਟਨਾ ਅਤੇ ਸਮੱਸਿਆ ਦੇ ਸਥਾਈ ਹੱਲ ਦੀ ਮੰਗ ਕਰਦੇ ਹੋਏ, ਨਗਰ ਵਾਸੀਆਂ ਨੇ ਸੜਕ 'ਤੇ ਧਰਨਾ ਲਗਾਇਆ ਹੋਇਆ ਹੈ। ਧਰਨੇ ਵਾਲੀ ਥਾਂ 'ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ।
ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਸੀਵਰੇਜ ਦੀ ਸਮੱਸਿਆ ਅਤੇ ਪੰਚਾਇਤ ਵਿਭਾਗ ਦੀ ਭੂਮਿਕਾ ਦੀ ਇਸ ਮਾਮਲੇ ਵਿੱਚ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਕਮਿਸ਼ਨ ਦਾ ਉਦੇਸ਼ ਸਥਾਨਕ ਲੋਕਾਂ ਨੂੰ ਦਰਪੇਸ਼ ਇਸ ਮੁਸ਼ਕਲ ਦਾ ਤੁਰੰਤ ਅਤੇ ਸਥਾਈ ਹੱਲ ਯਕੀਨੀ ਬਣਾਉਣਾ ਹੈ।
Get all latest content delivered to your email a few times a month.